ਮਹਾਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਟੂਰਨਾਮੈਂਟ ’ਚੋਂ ਕੀਤਾ ਬਾਹਰ
Wednesday, Aug 09, 2023 - 11:03 PM (IST)
ਚੇਨਈ (ਭਾਸ਼ਾ)–ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਦੀ ਆਪਣੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਬੁੱਧਵਾਰ ਨੂੰ ਇਥੇ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ਹਾਕੀ ਟੂਰਨਾਮੈਂਟ ਦੇ ਰਾਊਂਡ ਰੌਬਿਨ ਲੀਗ ਦੇ ਆਖਰੀ ਮੈਚ ’ਚ ਪਾਕਿਸਤਾਨ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕੀਤਾ ਤੇ ਆਪਣੇ ਇਸ ਪੁਰਾਣੇ ਵਿਰੋਧੀ ਨੂੰ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਕਰ ਦਿੱਤਾ। ਭਾਰਤ ਨੇ ਹਰੇਕ ਕੁਆਰਟਰ ’ਚ ਇਕ-ਇਕ ਗੋਲ ਕੀਤਾ। ਉਸ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ (15ਵੇਂ ਤੇ 23ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਚ ਦੋ ਗੋਲ ਕੀਤੇ। ਜੁਗਰਾਜ ਸਿੰਘ ਨੇ 36ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ, ਜਦਕਿ ਆਕਾਸ਼ਦੀਪ ਸਿੰਘ ਨੇ 55ਵੇਂ ਮਿੰਟ ’ਚ ਮੈਦਾਨੀ ਗੋਲ ਕੀਤਾ। ਭਾਰਤ ਇਸ ਤਰ੍ਹਾਂ ਨਾਲ 5 ਮੈਚਾਂ ’ਚੋਂ 4 ਜਿੱਤਾਂ ਤੇ 1 ਡਰਾਅ ਤੋਂ ਬਾਅਦ 13 ਅੰਕ ਲੈ ਕੇ ਚੋਟੀ ’ਤੇ ਰਿਹਾ। ਉਹ ਸ਼ੁੱਕਰਵਾਰ ਨੂੰ ਹੁਣ ਦੂਜੇ ਸੈਮੀਫਾਈਨਲ ’ਚ ਚੌਥੇ ਨੰਬਰ ’ਤੇ ਰਹਿਣ ਵਾਲੇ ਜਾਪਾਨ ਨਾਲ ਭਿੜੇਗਾ, ਜਦਕਿ ਪਹਿਲਾ ਸੈਮੀਫਾਈਨਲ ਦੂਜੇ ਨੰਬਰ ’ਤੇ ਰਹੀ ਮਲੇਸ਼ੀਆ ਤੇ ਤੀਜੇ ਨੰਬਰ ਦੀ ਟੀਮ ਦੱਖਣੀ ਕੋਰੀਆ ਵਿਚਾਲੇ ਹੋਵੇਗਾ। ਪਾਕਿਸਤਾਨ 5ਵੇਂ ਸਥਾਨ ਦੇ ਪਲੇਅ ਆਫ ਮੈਚ ’ਚ ਚੀਨ ਨਾਲ ਭਿੜੇਗਾ।
ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਪਾਕਿਸਤਾਨ ਨੇ ਸ਼ੁਰੂ ’ਚ ਜ਼ਿਆਦਾ ਹਮਲਾਵਰਤਾ ਦਿਖਾਈ, ਜਿਸ ਦਾ ਉਸ ਨੂੰ ਤੀਜੇ ਮਿੰਟ ’ਚ ਫਾਇਦਾ ਮਿਲਿਆ, ਜਦੋਂ ਜਵਾਬੀ ਹਮਲੇ ’ਚ ਅਬਦੁਲ ਹੰਨਾਨ ਨੇ ਗੋਲ ਕਰ ਦਿੱਤਾ। ਭਾਰਤ ਨੇ ਹਾਲਾਂਕਿ ਤੁਰੰਤ ਰੀਵਿਊ ਲਿਆ, ਜਿਸ ਤੋਂ ਬਾਅਦ ਇਹ ਗੋਲ ਨਹੀਂ ਦਿੱਤਾ ਗਿਆ ਤੇ ਪਾਕਿਸਤਾਨ ਨੂੰ ਪੈਨਲਟੀ ਕਾਰਨਰ ਮਿਲਿਆ। ਭਾਰਤੀ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਨੇ ਹਾਲਾਂਕਿ ਬਿਹਤਰੀਨ ਬਚਾਅ ਕਰਕੇ ਉਸ ਨੂੰ ਅਸਫ਼ਲ ਕਰ ਦਿੱਤਾ। ਭਾਰਤੀ ਟੀਮ ਨੇ ਇਸ ਤੋਂ ਬਾਅਦ ਲੈਅ ਬਣਾਈ ਤੇ ਕੁਝ ਚੰਗੇ ਮੂਵ ਨਾਲ ਪਾਕਿਸਤਾਨੀ ਡਿਫੈਂਡਰਾਂ ਨੂੰ ਉਲਝਾਈ ਰੱਖਿਆ। ਭਾਰਤ ਨੂੰ ਇਸ ਦਾ ਫਾਇਦਾ ਪਹਿਲੇ ਕੁਆਰਟਰ ਦੇ ਆਖਰੀ ਪਲਾਂ ’ਚ ਮਿਲਿਆ, ਜਦੋਂ ਉਸ ਨੇ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਹਰਮਨਪ੍ਰੀਤ ਨੇ ਗੋਲ ਵਿਚ ਬਦਲਣ ’ਚ ਕੋਈ ਗ਼ਲਤੀ ਨਹੀਂ ਕੀਤੀ। ਭਾਰਤ ਨੂੰ 23ਵੇਂ ਮਿੰਟ ’ਚ ਫਿਰ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਭਾਰਤੀ ਕਪਤਾਨ ਨੇ ਆਪਣਾ ਤੇ ਟੀਮ ਦਾ ਦੂਜਾ ਗੋਲ ਕਰ ਦਿੱਤਾ। ਭਾਰਤ ਨੂੰ ਦੂਜੇ ਕੁਆਰਟਰ ਦੇ ਆਖਰੀ ਪਲਾਂ ’ਚ ਜਰਮਨਪ੍ਰੀਤ ਸਿੰਘ ਦੀ ਕੋਸ਼ਿਸ਼ ਨਾਲ ਪੈਨਲਟੀ ਕਾਰਨਰ ਮਿਲਿਆ ਸੀ ਪਰ ਇਸ ਵਾਰ ਪਾਕਿਸਤਾਨੀ ਡਿਫੈਂਡਰ ਹਰਮਨਪ੍ਰੀਤ ਦੀ ਸ਼ਾਟ ਦਾ ਬਚਾਅ ਕਰਨ ’ਚ ਸਫ਼ਲ ਰਹੇ। ਇਸ ਤਰ੍ਹਾਂ ਨਾਲ ਭਾਰਤ ਹਾਫ ਤਕ 2-0 ਨਾਲ ਅੱਗੇ ਸੀ।
ਹਾਫ ਤੋਂ ਬਾਅਦ ਦੋਵਾਂ ਟੀਮਾਂ ਨੇ ਚੰਗੀ ਕੋਸ਼ਿਸ਼ ਕੀਤੀ ਪਰ ਉਹ ਭਾਰਤ ਸੀ, ਜਿਸ ਨੇ ਆਪਣੀ ਬੜ੍ਹਤ 3-0 ਕਰਨ ’ਚ ਦੇਰ ਨਹੀਂ ਲਗਾਈ। ਗੁਰਜੰਟ ਸਿੰਘ ਨੇ ਖੇਡ ਦੇ 36ਵੇਂ ਮਿੰਟ ’ਚ ਪੈਨਲਟੀ ਕਾਰਨਰ ਹਾਸਲ ਕੀਤਾ। ਇਸ ਵਾਰ ਹਰਮਨਪ੍ਰੀਤ ਸਿੰਘ ਦੀ ਜਗ੍ਹਾ ਜੁਗਰਾਜ ਸਿੰਘ ਨੇ ਜ਼ਿੰਮੇਵਾਰੀ ਸੰਭਾਲੀ। ਉਸ ਦੀ ਡ੍ਰੈਗ ਫਲਿੱਕ ਇੰਨੀ ਤਾਕਤਵਰ ਸੀ ਕਿ ਪਾਕਿਸਤਾਨੀ ਗੋਲਕੀਪਰ ਅਕਮਲ ਹੁਸੈਨ ਦੇ ਉਸ ’ਤੇ ਹੱਥ ਲੱਗਣ ਦੇ ਬਾਵਜੂਦ ਗੇਂਦ ਗੋਲਪੋਸਟ ਦੇ ਅੰਦਰ ਚਲੀ ਗਈ। ਭਾਰਤ ਕੋਲ ਇਸ ਦੇ ਤਿੰਨ ਮਿੰਟ ਬਾਅਦ ਗੋਲ ਕਰਨ ਦਾ ਇਕ ਹੋਰ ਮੌਕਾ ਸੀ, ਜਦੋਂ ਹਰਮਨਪ੍ਰੀਤ ਗੇਂਦ ਨੂੰ ਲੈ ਕੇ ਸਰਕਲ ’ਚ ਗਿਆ, ਜਿਸ ਨੂੰ ਉਸ ਨੇ ਆਕਾਸ਼ਦੀਪ ਵੱਲ ਵਧਾਇਆ। ਉਸ ਨੇ ਗੇਂਦ ਨੂੰ ਡਿਫਲੈਕਟ ਕੀਤਾ ਪਰ ਉਹ ਗੋਲ ਪੋਸਟ ਦੇ ਨੇੜਿਓਂ ਬਾਹਰ ਚਲੀ ਗਈ।
ਭਾਰਤ ਨੇ ਚੌਥੇ ਕੁਆਰਟਰ ’ਚ ਵਧੇਰੇ ਹਮਲਾਵਰ ਰਵੱਈਆ ਅਪਣਾਇਆ। ਖੇਡ ਦੇ 48ਵੇਂ ਮਿੰਟ ’ਚ ਮਨਪ੍ਰੀਤ ਸਿੰਘ ਨੇ ਪਾਕਿਸਤਾਨੀ ਸਰਕਲ ਦੇ ਸੱਜੇ ਪਾਸਿਓਂ ਨੀਲਕਾਂਤ ਨੂੰ ਗੇਂਦ ਦਿੱਤੀ, ਜਿਸ ਨੇ ਉਸ ਨੂੰ ਕਰਾਰੀ ਸ਼ਾਟ ਲਗਾਈ ਤੇ ਸੁਖਜੀਤ ਸਿੰਘ ਨੇ ਉਸ ਨੂੰ ਗੋਲਪੋਸਟ ਦੇ ਅੰਦਰ ਤਕ ਪੁਹੰਚਾਇਆ। ਗੇਂਦ ਹਾਲਾਂਕਿ ਸੁਖਜੀਤ ਦੇ ਹੱਥ ਨਾਲ ਲੱਗ ਕੇ ਗਈ, ਜਿਸ ਕਾਰਨ ਅੰਪਾਇਰ ਨੇ ਗੋਲ ਕਰਾਰ ਨਹੀਂ ਦਿੱਤਾ। ਭਾਰਤ ਲਈ ਚੌਥੇ ਕੁਆਰਟਰ ’ਚ ਆਕਾਸ਼ਦੀਪ ਨੇ ਗੋਲ ਕੀਤਾ। ਨੀਲਕਾਂਤ ਨੇ ਇਹ ਮੂਵ ਬਣਾਇਆ। ਉਸ ਨੇ ਸਰਕਲ ਦੇ ਸੱਜੇ ਪਾਸਿਓਂ ਮਨਦੀਪ ਨੂੰ ਗੇਂਦ ਸੌਂਪੀ। ਉਸ ਨੇ ਪਾਕਿਸਤਾਨ ਦੇ ਦੋ ਡਿਫੈਂਡਰਾਂ ਨੂੰ ਝਕਾਨੀ ਦੇ ਕੇ ਗੋਲਪੋਸਟ ਦੇ ਨੇੜੇ ਖੜ੍ਹੇ ਆਕਾਸ਼ਦੀਪ ਨੂੰ ਪਾਸ ਦਿੱਤਾ, ਜਿਸ ਨੇ ਉਸ ’ਤੇ ਗੋਲ ਕਰਨ ’ਚ ਕੋਈ ਗ਼ਲਤੀ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8