ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ 6-4 ਨਾਲ ਹਰਾਇਆ
Monday, Oct 21, 2024 - 12:54 PM (IST)
ਜੋਹੋਰ ਬਾਹਰੂ (ਮਲੇਸ਼ੀਆ), (ਭਾਸ਼ਾ)-ਦਿਲਰਾਜ ਸਿੰਘ ਤੇ ਸ਼ਾਰਦਾ ਨੰਦ ਤਿਵਾੜੀ ਦੇ 2-2 ਗੋਲਾਂ ਦੀ ਮਦਦ ਨਾਲ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਗ੍ਰੇਟ ਬ੍ਰਿਟੇਨ ਨੂੰ 6-4 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਮੁਹੰਮਦ ਕੌਨੈਨ ਦਾਦ (7ਵੇਂ ਮਿੰਟ) ਨੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਦਿਲਰਾਜ (17ਵੇਂ ਤੇ 50ਵੇਂ ਮਿੰਟ), ਸ਼ਾਰਦਾ ਨੰਦ (20ਵੇਂ ਤੇ 50ਵੇਂ ਮਿੰਟ) ਨੇ ਗੋਲ ਕੀਤੇ। ਇਸ ਤੋਂ ਇਲਾਵਾ ਮਨਮੀਤ ਸਿੰਘ (26ਵੇਂ ਮਿੰਟ) ਨੇ ਵੀ ਭਾਰਤ ਵੱਲੋਂ ਗੋਲ ਕੀਤਾ।
ਬ੍ਰਿਟੇਨ ਵੱਲੋਂ ਰੋਰੀ ਪੇਨਰੋਜ਼ (ਦੂਜੇ ਤੇ 15ਵੇਂ ਮਿੰਟ) ਤੇ ਮਾਈਕਲ ਰਾਏੇਡੇਨ (46ਵੇਂ ਤੇ 59ਵੇਂ ਮਿੰਟ) ਨੇ 2-2 ਗੋਲ ਕਰਕੇ ਮੈਚ ਨੂੰ ਰੋਮਾਂਚਕ ਬਣਾਈ ਰੱਖਿਆ। ਭਾਰਤ ਨੇ ਸ਼ਨੀਵਾਰ ਨੂੰ ਜਾਪਾਨ ਨੂੰ ਹਰਾ ਕੇ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਉਸ ਨੇ ਆਪਣੀ ਉਹ ਹੀ ਲੈਅ ਬਰਕਰਾਰ ਰੱਖੀ ਪਰ ਉਹ ਬ੍ਰਿਟੇਨ ਸੀ, ਜਿਸ ਨੇ ਪਹਿਲਾ ਗੋਲ ਕੀਤਾ। ਉਸ ਵੱਲੋਂ ਖੇਡ ਦੇ ਦੂਜੇ ਮਿੰਟ ਵਿਚ ਹੀ ਪੇਨਰੋਜ਼ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ। ਭਾਰਤ ਨੇ ਹਾਲਾਂਕਿ ਇਸ ਦੇ ਕੁਝ ਦੇਰ ਬਾਅਦ ਹੀ ਦਾਦ ਦੇ ਪੈਨਲਟੀ ਕਾਰਨਰ ’ਤੇ ਕੀਤੇ ਗਏ ਗੋਲ ਨਾਲ ਬਰਾਬਰੀ ਕਰ ਲਈ। ਬ੍ਰਿਟੇਨ ਨੇ 15ਵੇਂ ਮਿੰਟ ਵਿਚ ਫਿਰ ਤੋਂ ਬੜ੍ਹਤ ਹਾਸਲ ਕਰ ਲਈ ਜਦੋਂ ਪੇਨਰੋਜ਼ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ।
ਭਾਰਤ ਨੇ ਹਾਲਾਂਕਿ ਦੂਜੇ ਕੁਆਰਟਰ ਵਿਚ ਆਪਣਾ ਦਬਦਬਾ ਬਣਾਇਆ ਤੇ ਲਗਾਤਾਰ ਤਿੰਨ ਗੋਲ ਕੀਤੇ। ਸਟ੍ਰਾਈਕਰ ਦਿਲਰਾਜ ਨੇ 17ਵੇਂ ਮਿੰਟ ਵਿਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕੀਤਾ। ਸ਼ਾਰਦਾ ਨੰਦ ਨੇ ਇਸ ਤੋਂ ਬਾਅਦ ਦਿਲਰਾਜ ਦੀ ਮਦਦ ਨਾਲ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਨੂੰ ਮੈਚ ਵਿਚ ਪਹਿਲੀ ਵਾਰ ਬੜ੍ਹਤ ਦਿਵਾਈ। ਉਸ ਨੇ 26ਵੇਂ ਮਿੰਟ ਵਿਚ ਮਨਪ੍ਰੀਤ ਦੀ ਵੀ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਭਾਰਤ 4-2 ਨਾਲ ਅੱਗੇ ਹੋ ਗਿਆ।
ਤੀਜੇ ਕੁਆਰਟਰ ਵਿਚ ਦੋਵੇਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੇ। ਬ੍ਰਿਟੇਨ ਨੇ ਚੌਥੇ ਕੁਆਰਟਰ ਦੇ ਸ਼ੁਰੂ ਵਿਚ ਰਾਏਡੇਨ ਦੇ ਗੋਲ ਦੀ ਮਦਦ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ। ਭਾਰਤ ਨੂੰ 50ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ।
ਫਾਰਮ ਵਿਚ ਚੱਲ ਰਹੇ ਡ੍ਰੈਗ ਫਲਿੱਕਰ ਸ਼ਾਰਦਾ ਨੰਦ ਨੇ ਮੌਕਾ ਨਹੀਂ ਗੁਆਇਅਾ ਤੇ ਗੋਲ ਕਰ ਦਿੱਤਾ। ਇਸ ਦੇ ਕੁਝ ਸੈਕੰਡ ਬਾਅਦ ਦਿਲਰਾਜ ਨੇ ਮੈਦਾਨੀ ਗੋਲ ਕਰਕੇ ਸਕੋਰ 6-2 ਨਾਲ ਭਾਰਤ ਦੇ ਪੱਖ ਵਿਚ ਕਰ ਦਿੱਤਾ। ਰਾਏਡੇਨ ਨੇ 59ਵੇਂ ਮਿੰਟ ਵਿਚ ਆਪਣਾ ਦੂਜਾ ਤੇ ਬ੍ਰਿਟੇਨ ਵੱਲੋਂ ਚੌਥਾ ਗੋਲ ਕੀਤਾ ਪਰ ਇਸ ਨਾਲ ਹਾਰ ਦਾ ਫਰਕ ਹੀ ਘੱਟ ਹੋ ਸਕਿਆ। ਭਾਰਤ ਨੇ ਲਗਾਤਾਰ ਦੂਜਾ ਮੈਚ ਜਿੱਤ ਕੇ ਤਿੰਨ ਮਹੱਤਵਪੂਰਨ ਅੰਕ ਹਾਸਲ ਕੀਤੇ।