ਜਰਮਨੀ ਨੂੰ 6-3 ਨਾਲ ਹਰਾ ਕੇ ਭਾਰਤ ਐੱਫ. ਆਈ. ਐੱਚ. ਪ੍ਰੋ ਲੀਗ ’ਚ ਚੋਟੀ ’ਤੇ
Monday, Mar 13, 2023 - 09:56 PM (IST)
ਰਾਓਰਕੇਲਾ (ਭਾਸ਼ਾ) : ਭਾਰਤ ਐੱਫ. ਆਈ. ਐੱਚ. ਪ੍ਰੋ ਲੀਗ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇੱਥੇ ਵਿਸ਼ਵ ਚੈਂਪੀਅਨ ਜਰਮਨੀ ਨੂੰ 6-3 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚ ਗਿਆ ਹੈ। ਭਾਰਤ ਦੀ ਜਰਮਨੀ ਵਿਰੁੱਧ 3 ਦਿਨ ’ਚ ਇਹ ਦੂਜੀ ਜਿੱਤ ਹੈ ਤੇ ਇਸ ਜਿੱਤ ਦੀ ਬਦੌਲਤ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 7 ਮੈਚਾਂ ਵਿੱਚੋਂ 17 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੋਟੀ ’ਤੇ ਪਹੁੰਚ ਗਈ ਹੈ। ਸਪੇਨ ਦੇ ਵੀ 17 ਅੰਕ ਹਨ ਪਰ ਬਿਹਤਰ ਗੋਲ ਫਰਕ ਦੇ ਕਾਰਨ ਭਾਰਤ ਚੋਟੀ ’ਤੇ ਹੈ।
ਟਾਮ ਗ੍ਰੈਮਬੁਸ਼ ਨੇ ਤੀਜੇ ਹੀ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਜਰਮਨੀ ਨੂੰ ਬੜ੍ਹਤ ਦਿਵਾ ਦਿੱਤੀ। ਆਸਟਰੇਲੀਆ ਵਿਰੁੰਧ 5-4 ਨਾਲ ਰੋਮਾਂਚਕ ਜਿੱਤ ਦਰਜ ਕਰਨ ਵਾਲੇ ਭਾਰਤ ਨੇ ਹਾਲਾਂਕਿ 21ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਜੁਗਰਾਜ ਸਿੰਘ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ। ਟੀਮ ਲਈ ਅਭਿਸ਼ੇਕ (22ਵੇਂ ਤੇ 51ਵੇਂ ਮਿੰਟ) ਤੇ ਸੇਲਵਮ ਕਾਰਤੀ (24ਵੇਂ ਤੇ 26ਵੇਂ ਮਿੰਟ) ਨੇ 2-2 ਗੋਲ ਕੀਤੇ ਜਦਕਿ ਇਕ ਹੋਰ ਗੋਲ ਹਰਮਨਪ੍ਰੀਤ (26ਵੇਂ ਮਿੰਟ) ਨੇ ਕੀਤਾ, ਜਿਸ ਨਾਲ ਭਾਰਤ ਨੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਜਰਮਨੀ ਦੇ ਲਈ ਦੋ ਹੋਰ ਗੋਲ ਗੋਂਜਾਲੋ ਪੇਇਲਾਟ (23ਵੇਂ ਮਿੰਟ) ਤੇ ਮਾਲਟੇ ਹੇਲਵਿਗ (31ਵੇਂ ਮਿੰਟ) ਨੇ ਕੀਤੇ। ਭਾਰਤ ਨੇ ਇਸ ਤੋਂ ਪਹਿਲਾਂ ਪਿਛਲੇ ਦੋ ਮੈਚਾਂ ਵਿਚ ਜਰਮਨੀ ਤੇ ਆਸਟਰੇਲੀਆ ਨੂੰ ਹਰਾਇਆ ਸੀ।