ਅਭਿਆਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾਇਆ

Tuesday, May 28, 2019 - 11:40 PM (IST)

ਅਭਿਆਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾਇਆ

ਕਾਰਡਿਫ— ਕੇ. ਐੱਲ. ਰਾਹੁਲ ਨੇ ਸੈਂਕੜਿਆਂ ਨਾਲ ਵਿਸ਼ਵ ਕੱਪ ਤੋਂ ਪਹਿਲਾਂ ਮੱਧਕ੍ਰਮ ਨੂੰ ਲੈ ਕੇ ਥੋੜ੍ਹਾ ਚਿੰਤਤ ਹੋਣ ਵਾਲੇ ਭਾਰਤ ਨੇ ਦੂਜੇ ਅਭਿਆਸ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾ ਕੇ ਕ੍ਰਿਕਟ ਮਹਾਕੁੰਭ ਤੋਂ ਪਹਿਲਾਂ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ। 
ਰਾਹੁਲ ਨੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰ ਕੇ 99 ਗੇਂਦਾਂ 'ਤੇ 12 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 108 ਦੌੜਾਂ ਬਣਾਈਆਂ, ਜਦਕਿ ਧੋਨੀ ਨੇ 78 ਗੇਂਦਾਂ 'ਤੇ 113 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿਚ 8 ਚੌਕੇ ਤੇ 7 ਛੱਕੇ ਸ਼ਾਮਲ ਸਨ। ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 164 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ 4 ਵਿਕਟਾਂ 'ਤੇ 102 ਦੌੜਾਂ ਦੀ ਮੁਸ਼ਕਿਲ ਸਥਿਤੀ  ਤੋਂ ਉਭਾਰ ਕੇ 7 ਵਿਕਟਾਂ 'ਤੇ 359 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ। ਬੰਗਲਾਦੇਸ਼ ਦੀ ਟੀਮ ਇਸ਼ ਦੇ ਜਵਾਬ ਵਿਚ 49.3 ਓਵਰਾਂ ਵਿਚ 264 ਦੌੜਾਂ 'ਤੇ ਸਿਮਟ ਗਈ। ਉਸ ਵਲੋਂ ਮੁਸ਼ਫਿਕਰ ਰਹੀਮ (90) ਤੇ ਲਿਟਨ ਦਾਸ (73) ਹੀ ਟਿਕ ਕੇ ਖੇਡ ਸਕੇ। ਬੰਗਲਾਦੇਸ਼ ਦੇ ਸਿਰਫ 5 ਬੱਲੇਬਾਜ਼ ਹੀ ਦੋਹਰੇ ਅਕੰ ਤਕ ਪਹੁੰਚੇ। 

PunjabKesari
ਇਸ ਤੋਂ ਪਹਿਲਾਂ ਭਾਰਤ ਲਈ ਚੋਟੀਕ੍ਰਮ ਦੇ ਤਿੰਨ ਬੱਲੇਬਾਜ਼ਾਂ ਸ਼ਿਖਰ ਧਵਨ (1), ਰੋਹਿਤ (19) ਤੇ ਕਪਤਾਨ ਵਿਰਾਟ ਕੋਹਲੀ (47) ਦੀ ਲਗਾਤਾਰ ਦੂਜੇ ਮੈਚ ਵਿਚ ਅਸਫਲਤਾ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਪਰ ਰਾਹੁਲ ਨੇ ਚੌਥੇ ਨੰਬਰ ਦੀ ਸਮੱਸਿਆ ਲਗਭਗ ਖਤਮ ਕਰ ਦਿੱਤੀ ਹੈ। ਵਿਸ਼ਵ ਕੱਪ ਵਿਚ ਭਾਰਤ ਦਾ ਨੰਬਰ ਚਾਰ ਬੱਲੇਬਾਜ਼ ਕੌਣ ਹੋਵੇਗਾ, ਇਹ ਟੀਮ ਚੋਣ ਤੋਂ ਬਾਅਦ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਰਾਹੁਲ ਨੂੰ ਦੋਵੇਂ ਅਭਿਆਸ ਮੈਚਾਂ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ 'ਤੇ ਉਤਾਰ ਕੇ ਕੋਹਲੀ ਨੇ ਸਾਫ ਸੰਕੇਤ ਦੇ ਦਿੱਤੇ ਹਨ ਕਿ ਇਸ ਮਹੱਤਵਪੂਰਨ ਸਥਾਨ ਲਈ ਕੌਣ ਉਸ ਦੀ ਪਹਿਲੀ ਪਸੰਦ ਹੈ। ਰਾਹੁਲ ਨੇ ਵੀ ਆਪਣੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਆਪਣੇ ਪੁੱਲ, ਕੱਟ ਤੇ ਕਵਰ ਡ੍ਰਾਈਵ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ। 
ਨੰਬਰ ਚਾਰ ਲਈ ਚੋਣਕਾਰਾਂ ਦੀ ਪਹਿਲੀ ਪਸੰਦ ਵਿਜੇ ਸ਼ੰਕਰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਿਆ ਪਰ ਉਹ ਸਿਰਫ 2 ਦੌੜਾਂ ਹੀ ਬਣਾ ਸਕਿਆ। ਇਸ ਤੋਂ ਤੈਅ ਲੱਗਦਾ ਹੈ ਕਿ ਭਾਰਤ ਜਦੋਂ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਆਪਣੀ ਵਿਸ਼ਵ ਕੱਪ ਮੁਹਿੰਮ ਦਾ ਆਗਾਜ਼ ਕਰੇਗਾ ਤਾਂ ਰਾਹੁਲ ਚੌਥੇ ਨੰਬਰ 'ਤੇ ਹੀ ਬੱਲੇਬਾਜ਼ੀ ਲਈ ਆਵੇਗਾ। ਹੇਠਲੇਕ੍ਰਮ ਵਿਚ ਹਾਰਦਿਕ ਪੰਡਯਾ ਨੇ 11 ਗੇਂਦਾਂ 'ਤੇ 21 ਦੌੜਾਂ ਬਣਾਈਆਂ, ਜਦਕਿ ਰਵਿੰਦਰ ਜਡੇਜਾ ਨੇ ਅਜੇਤੂ 11 ਅਤੇ ਦਿਨੇਸ਼ ਕਾਰਤਿਕ ਨੇ ਅਜੇਤੂ 7 ਦੌੜਾਂ ਬਣਾਈਆਂ।

PunjabKesari

ਟੀਮਾਂ:
ਬੰਗਲਾਦੇਸ਼ : ਤਮਿਮ ਇਕਬਾਲ, ਸੌਮਿਆ ਸਰਕਾਰ, ਲਿਟੋਨ ਦਾਸ, ਸ਼ਕਿਬ ਅਲ ਹਸਨ, ਮੁਹੰਮਦ ਮਿਥੂਨ, ਮੁਸ਼ਫਿਕੁਰ ਰਹੀਮ, ਮਹਿਮੁਦੁੱਲਾ, ਮੋਸਦਕ ਹੁਸੈਨ, ਸ਼ਬੀਰ ਰਹਿਮਾਨ, ਮੁਹੰਮਦ ਸੈਫੂਦੀਨ, ਮਹਿਦੀ ਹਸਨ, ਮਸ਼ਰਫੀ ਮੁਰਤਜ਼ਾ (ਕਪਤਾਨ), ਮੁਸਤਫਿਜ਼ੁਰ ਰਹਿਮਾਨ, ਰੁਬੇਲ ਹੁਸੈਨ, ਅਬੂ ਜਯਦ।
ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਵਿਜੇ ਸ਼ੰਕਰ, ਹਰਦਿਕ ਪੰਡਯਾ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਮੁਹੰਮਦ ਸ਼ੱਮੀ, ਜਸਪ੍ਰਿਤ ਬੁਮਰਾਹ, ਯੁਜਵੇਂਦਰ ਚਾਹਲ।


author

Gurdeep Singh

Content Editor

Related News