ਭਾਰਤ ਨੂੰ ਟੀ-20 ''ਚ ਘੱਟ ਨਹੀਂ ਸਮਝ ਸਕਦੇ : ਲੈਨਿੰਗ
Wednesday, Mar 21, 2018 - 05:27 PM (IST)

ਮੁੰਬਈ, (ਬਿਊਰੋ)— ਵਨਡੇ ਸੀਰੀਜ਼ 'ਚ ਭਾਰਤ ਨੂੰ ਕਰਾਰੀ ਹਾਰ ਦੇਣ ਵਾਲੀ ਆਸਟਰੇਲੀਆਈ ਮਹਿਲਾ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਅੱਜ ਕਿਹਾ ਕਿ ਤਿਕੋਣੀ ਟੀ-20 ਸੀਰੀਜ਼ 'ਚ ਮੇਜਬਾਨ ਦੇਸ਼ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਹੈ ਕਿਉਂਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਸਾਰੀਆਂ ਟੀਮਾਂ ਬਰਾਬਰ ਹਨ। ਵਨਡੇ ਸੀਰੀਜ਼ 'ਚ ਭਾਰਤ ਨੂੰ 3-0 ਨਾਲ ਹਰਾਉਣ ਦੇ ਬਾਅਦ ਆਸਟਰੇਲੀਆ ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ 'ਚ ਵੀਰਵਾਰ ਨੂੰ ਮੇਜ਼ਬਾਨ ਦੇਸ਼ ਨਾਲ ਭਿੜੇਗਾ। ਸੀਰੀਜ਼ ਦੀ ਤੀਜੀ ਟੀਮ ਇੰਗਲੈਂਡ ਹੈ।
ਲੈਨਿੰਗ ਨੇ ਮੈਚ ਤੋਂ ਪਹਿਲਾਂ ਦੀ ਸ਼ਾਮ ਨੂੰ ਕਿਹਾ, ''ਭਾਰਤ ਇਸ ਫਾਰਮੈਟ 'ਚ ਬਹੁਤ ਚੰਗੀ ਟੀਮ ਹੈ ਅਤੇ ਇੰਗਲੈਂਡ ਵੀ। ਇਸ ਲਈ ਸਾਨੂੰ ਪਤਾ ਹੈ ਕਿ ਜਿੱਤਣ ਲਈ ਸਾਨੂੰ ਬਹੁਤ ਚੰਗੀ ਖੇਡ ਵਿਖਾਉਣੀ ਹੋਵੇਗੀ।'' ਉਨ੍ਹਾਂ ਕਿਹਾ, ''ਅਸੀਂ ਜਿਸ ਤਰ੍ਹਾਂ ਨਾਲ ਵਨਡੇ 'ਚ ਪ੍ਰਦਰਸ਼ਨ ਕੀਤਾ ਉਸ ਨਾਲ ਯਕੀਨੀ ਤੌਰ 'ਤੇ ਸਾਡਾ ਆਤਮਵਿਸ਼ਵਾਸ ਵਧੇਗਾ। ਪਰ ਅਸੀਂ ਸਮਝਦੇ ਹਾਂ ਕਿ ਇਹ ਵੱਖ ਫਾਰਮੈਟ ਹੈ ਅਤੇ ਟੀ-20 ਕੌਮਾਂਤਰੀ 'ਚ ਮੁਕਾਬਲਾ ਕਾਫੀ ਕਰੀਬੀ ਹੋਵੇਗਾ।'' ਲੈਨਿੰਗ ਨੇ ਕਿਹਾ, ''ਇੱਥੋਂ ਤੱਕ ਕਿ ਵਨਡੇ ਸੀਰੀਜ਼ 'ਚ ਭਾਰਤ ਨੇ ਸਾਨੂੰ ਸਖਤ ਟੱਕਰ ਦਿੱਤੀ। ਇਸ ਲਈ ਇਹ ਕਾਫੀ ਕਰੀਬੀ ਸੀਰੀਜ਼ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਇਕ ਟੀਮ ਦੂਜੇ ਤੋਂ ਬਿਹਤਰ ਹੈ। ਵਿਕਟ ਅਤੇ ਆਊਟਫੀਲਡ ਵੇਖਕੇ ਲਗ ਰਿਹਾ ਸੀ ਕਿ ਇੱਥੇ ਕਾਫੀ ਦੌੜਾਂ ਬਣਨਗੀਆਂ।''