U19 World Cup: ਭਾਰਤ ਦੀ ਲਗਾਤਾਰ ਚੌਥੀ ਜਿੱਤ, ਜ਼ਿੰਬਾਬਵੇ ਨੂੰ 204 ਦੌੜਾਂ ਨਾਲ ਹਰਾਇਆ
Tuesday, Jan 27, 2026 - 10:26 PM (IST)
ਸਪੋਰਟਸ ਡੈਸਕ- ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਅੰਡਰ-19 ਵਰਲਡ ਕੱਪ 2026 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੁਪਰ-ਸਿਕਸ ਗੇੜ ਦਾ ਜ਼ੋਰਦਾਰ ਆਗਾਜ਼ ਕੀਤਾ ਹੈ। ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਕਪਤਾਨ ਆਯੂਸ਼ ਮਹਾਤਰੇ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਮੇਜ਼ਬਾਨ ਜ਼ਿੰਬਾਬਵੇ ਨੂੰ 204 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ ਵਿੱਚ 352 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਜਿੱਤ ਦੇ ਸਭ ਤੋਂ ਵੱਡੇ ਸਿਤਾਰੇ ਉਪ-ਕਪਤਾਨ ਵਿਹਾਨ ਮਲਹੋਤਰਾ ਰਹੇ, ਜਿਨ੍ਹਾਂ ਨੇ ਸਿਰਫ਼ 107 ਗੇਂਦਾਂ ਵਿੱਚ 109 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਹ ਮੌਜੂਦਾ ਵਰਲਡ ਕੱਪ ਵਿੱਚ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਲਗਾਇਆ ਗਿਆ ਪਹਿਲਾ ਸੈਂਕੜਾ ਹੈ। ਵਿਹਾਨ ਤੋਂ ਇਲਾਵਾ ਅਭਿਗਿਆਨ ਕੁੰਡੂ ਨੇ 61 ਅਤੇ ਵੈਭਵ ਸੂਰਿਆਵੰਸ਼ੀ ਨੇ 52 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
353 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਈ। ਤੇਜ਼ ਗੇਂਦਬਾਜ਼ ਆਰ.ਐਸ. ਅੰਬਰਿਸ਼ ਨੇ ਦੂਜੀ ਹੀ ਗੇਂਦ 'ਤੇ ਵਿਕਟ ਲੈ ਕੇ ਜ਼ਿੰਬਾਬਵੇ ਨੂੰ ਵੱਡਾ ਝਟਕਾ ਦਿੱਤਾ। ਹਾਲਾਂਕਿ ਲੀਰੌਏ ਚਿਵਾਉਲਾ (50 ਦੌੜਾਂ) ਨੇ ਅਰਧ ਸੈਂਕੜਾ ਲਗਾ ਕੇ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਕਪਤਾਨ ਆਯੂਸ਼ ਮ੍ਹਾਤਰੇ ਅਤੇ ਉਧਵ ਮੋਹਨ ਨੇ 3-3 ਵਿਕਟਾਂ ਝਟਕ ਕੇ ਜ਼ਿੰਬਾਬਵੇ ਦੀ ਪਾਰੀ ਨੂੰ 148 ਦੌੜਾਂ 'ਤੇ ਹੀ ਸਮੇਟ ਦਿੱਤਾ। ਜ਼ਿੰਬਾਬਵੇ ਨੇ ਆਪਣੇ ਆਖਰੀ 5 ਵਿਕਟ ਸਿਰਫ਼ 6 ਦੌੜਾਂ ਦੇ ਅੰਦਰ ਹੀ ਗੁਆ ਦਿੱਤੇ।
ਹੁਣ ਪਾਕਿਸਤਾਨ ਨਾਲ ਹੋਵੇਗਾ ਮਹਾਂ-ਮੁਕਾਬਲਾ
ਸੁਪਰ-ਸਿਕਸ ਵਿੱਚ ਹੁਣ ਭਾਰਤ ਦਾ ਅਗਲਾ ਮੁਕਾਬਲਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਇਹ ਹਾਈ-ਵੋਲਟੇਜ ਮੈਚ ਐਤਵਾਰ, 1 ਫਰਵਰੀ ਨੂੰ ਖੇਡਿਆ ਜਾਵੇਗਾ। ਪਾਕਿਸਤਾਨੀ ਟੀਮ ਵੀ ਇਸ ਸਮੇਂ ਜ਼ਬਰਦਸਤ ਫਾਰਮ ਵਿੱਚ ਹੈ ਅਤੇ ਉਸ ਨੇ ਆਪਣੇ ਪਿਛਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦੀ ਇਹ ਪਹਿਲੀ ਟੱਕਰ ਹੋਵੇਗੀ, ਜਿਸ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
