ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਤੋਂ ਸ਼ੁਰੂ ਹੋਵੇਗੀ ਟੈਸਟ ''ਚ ਬੈਸਟ ਦੀ ਜੰਗ

Wednesday, Aug 01, 2018 - 02:33 AM (IST)

ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਤੋਂ ਸ਼ੁਰੂ ਹੋਵੇਗੀ ਟੈਸਟ ''ਚ ਬੈਸਟ ਦੀ ਜੰਗ

ਲੰਡਨ— ਭਾਰਤ ਦੇ ਇੰਗਲੈਂਡ ਦੌਰੇ ਦਾ ਅਹਿਮ ਪੜਾਅ ਅਰਥਾਤ ਟੈਸਟ ਸੀਰੀਜ਼ ਬੁੱਧਵਾਰ ਤੋਂ ਐਜਬਸਟਨ ਟੈਸਟ ਨਾਲ ਸ਼ੁਰੂ ਹੋਣ ਜਾ ਰਹੀ ਹੈ। ਟੀ-20 ਸੀਰੀਜ਼ ਜਿੱਤ ਕੇ ਵਨ ਡੇ ਸੀਰੀਜ਼ ਗੁਆਉਣ ਵਾਲੀ ਭਾਰਤੀ ਟੀਮ ਲਈ ਇੰਗਲੈਂਡ ਵਿਚ ਟੈਸਟ ਸੀਰੀਜ਼ ਜਿੱਤਣਾ ਹਮੇਸ਼ਾ ਤੋਂ ਚੁਣੌਤੀ ਰਹੀ ਹੈ। ਭਾਰਤ ਭਾਵੇਂ ਹੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਹੈ ਪਰ ਇੰਗਲੈਂਡ ਦੀ ਧਰਤੀ 'ਤੇ ਉਹ 47 ਵਿਚੋਂ ਸਿਰਫ 6 ਹੀ ਟੈਸਟ ਜਿੱਤ ਸਕਿਆ ਹੈ।  ਇੰਗਲੈਂਡ ਟੈਸਟ ਰੈਂਕਿੰਗ ਵਿਚ 5ਵੇਂ ਨੰਬਰ'ਤੇ ਹੈ ਪਰ ਮੇਜ਼ਬਾਨ ਨੂੰ ਉਸੇ ਦੀ ਧਰਤੀ ਟੈਸਟ ਸੀਰੀਜ਼ 'ਚ ਹਰਾਉਣਾ ਆਸਾਨ ਨਹੀਂ ਹੁੰਦਾ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਾਲੇ ਟੈਸਟ ਵਿਚ ਬੈਸਟ ਦੀ ਜੰਗ ਕੌਣ ਜਿੱਤੇਗਾ।
ਮਜ਼ਬੂਤ ਪੱਖ : ਭਾਰਤ ਮੌਜੂਦਾ ਟੈਸਟ ਰੈਂਕਿੰਗ ਵਿਚਪਹਿਲੇ ਨੰਬਰ 'ਤੇ ਕਾਬਜ਼ ਹੈ। ਪਿਛਲੇ 10 ਟੈਸਟਾਂ ਵਿਚ ਉਸਦੇ ਨਾਂ 6 ਜਿੱਤਾਂ, 2 ਹਾਰ ਤੇ 2 ਡਰਾਅ ਦਰਜ ਹਨ। ਭਾਰਤ ਨੇ ਆਖਰੀ ਟੈਸਟ ਜੂਨ ਵਿਚ ਅਫਗਾਨਿਸਤਾਨ ਵਿਰੁੱਧ ਖੇਡਿਆ ਸੀ।
ਕਮਜ਼ੋਰ ਪੱਖ : ਇੰਗਲੈਂਡ ਪਿਛਲੇ 10 ਟੈਸਟਾਂ ਵਿਚੋਂ ਸਿਰਫ 2 ਹੀ ਜਿੱਤ ਸਕਿਆ ਹੈ। 6 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ 2 ਵਿਚ ਉਸ ਨੇ ਡਰਾਅ ਖੇਡਿਆ ਹੈ। ਆਖਰੀ ਟੈਸਟ ਉਹ ਪਾਕਿਸਤਾਨ ਵਿਚ ਜੂਨ ਵਿਚ ਹਾਰਿਆ ਸੀ।
11 ਸਾਲ ਵਿਚ ਇੰਗਲੈਂਡ 'ਚ ਸੀਰੀਜ਼ ਨਹੀਂ ਜਿੱਤਿਆ
ਭਾਰਤ ਨੇ ਪਿਛਲੇ ਵਾਰ ਇੰਗਲੈਂਡ ਵਿਚ ਸੀਰੀਜ਼ 11 ਸਾਲ ਪਹਿਲਾਂ ਅਰਥਾਤ 2007 ਵਿਚ 1-0 ਨਾਲ ਜਿੱਤੀ ਸੀ। ਤਦ ਰਾਹੁਲ ਦ੍ਰਾਵੜਿ ਭਾਰਤੀ ਟੈਸਟ ਟੀਮ ਦਾ ਕਪਤਾਨ ਸੀ। ਇਸਦੇ ਇਲਾਵਾ ਕਪਿਲ ਦੇਵ ਤੇ ਅਜੀਤ ਵਾਡੇਕਰ ਵੀ ਟੈਸਟ ਸੀਰੀਜ਼ ਜਿੱਤ ਚੁੱਕੇ ਹਨ।
5 ਭਾਰਤੀ ਕ੍ਰਿਕਟਰ ਬਣਾਉਣਗੇ ਰਿਕਾਰਡ
ਟੈਸਟ ਸੀਰੀਜ਼ ਵਿਚ ਵਿਰਾਟ ਕੋਹਲੀ ਕੋਲ 6000, ਚੇਤੇਸ਼ਵਰ ਪੁਜਾਰਾ ਕੋਲ 5000, ਮੁਰਲੀ ਕੋਲ 400, ਅਜਿੰਕਯ ਰਹਾਨੇ ਕੋਲ 3000 ਦੌੜਾਂ ਪੂਰੀਆਂ ਕਰਨ ਜਦਕਿ ਇਸ਼ਾਂਤ ਸ਼ਰਮਾ ਕੋਲ 250 ਵਿਕਟਾਂ ਹਾਸਲ ਕਰਨ ਦਾ ਮੌਕਾ ਹੋਵੇਗਾ।
ਇਸ਼ਾਂਤ-ਸ਼ੰਮੀ 'ਤੇ ਨਜ਼ਰਾਂ
ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਦੇ ਜ਼ਖ਼ਮੀ ਹੋਣ ਕਾਰਨ ਸਾਰੀ ਜ਼ਿੰਮੇਵਾਰੀ ਹੁਣ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ੰਮੀ 'ਤੇ ਆ ਗਈ ਹੈ। ਇਸ਼ਾਂਤ ਇੰਗਲੈਂਡ ਵਿਰੁੱਧ 12 ਟੈਸਟ ਖੇਡ ਕੇ 38 ਤੇ ਸ਼ੰਮੀ 6 ਟੈਸਟ ਖੇਡ ਕੇ 15 ਵਿਕਟਾਂ ਹਾਸਲ ਕਰ ਚੁੱਕਾ ਹੈ। ਉਮੇਸ਼ ਯਾਦਵ ਵਨ ਡੇਸੀਰੀਜ਼ ਵਿਚ ਮਹਿੰਗਾ ਸਾਬਤ ਹੋਇਆ ਸੀ, ਅਜਿਹੇ ਵਿਚ ਉਸ ਨੂੰ ਜ਼ਿਆਦਾ ਮੌਕਾ ਮਿਲਣਾ ਮੁਸ਼ਕਿਲ ਹੈ।
ਐਂਡਰਸਨ-ਬ੍ਰਾਡ ਦੇਣਗੇ ਚੁਣੌਤੀ 
ਭਾਰਤ ਨੂੰ ਸਭ ਤੋਂ ਵੱਡੀ ਚੁਣੌਤੀ ਜੇਮਸ ਐਂਡਰਸਨ ਤੇ ਸਟੂਅਰਟ ਬ੍ਰਾਡ ਤੋਂ ਮਿਲੇਗੀ। ਜੇਮਸ ਜਿੱਥੇ ਭਾਰਤ ਵਿਰੁੱਧ 22 ਮੈਚ ਖੇਡ ਕੇ 86 ਵਿਕਟਾਂ ਲੈ ਚੁੱਕਾ ਹੈ, ਉਥੇ ਹੀ ਬ੍ਰਾਡ ਦੇ ਨਾਂ 15 ਟੈਸਟਾਂ ਵਿਚ 54 ਵਿਕਟਾਂ ਦਰਜ ਹਨ। ਇਸਦੇ ਇਲਾਵਾ ਆਦਿਲ ਰਾਸ਼ਿਦ ਤੇ ਮੋਇਨ ਅਲੀ ਨੂੰ ਵੀ ਇੰਗਲੈਂਡ ਨੇ ਆਪਣੀ ਟੈਸਟ ਟੀਮ ਵਿਚ ਜਗ੍ਹਾ ਦਿੱਤੀ ਹੈ। ਆਲਰਾਊਂਡਰ ਬੇਨ ਸਟੋਕਸ ਤੇ ਸੇਮ ਕੁਰੈਨ ਵੀ ਜਲਵਾ ਦਿਖਾ ਸਕਦੇ ਹਨ।
ਇੰਗਲੈਂਡ ਖੇਡ ਰਿਹੈ ਆਪਣਾ 1000ਵਾਂ ਟੈਸਟ
ਇੰਗਲੈਂਡ ਆਪਣਾ 1000ਵਾਂ ਟੈਸਟ ਖੇਡ ਰਿਹਾ ਹੈ। ਇੰਗਲੈਂਡ ਨੇ ਹੁਣ ਤਕ ਜਿਹੜੇ 999 ਪੁਰਸ਼ ਟੈਸਟ ਖੇਡੇ ਹਨ, ਉਨ੍ਹਾਂ ਵਿਚੋਂ ਉਸ ਨੇ 357 ਵਿਚ ਜਿੱਤ ਦਰਜ ਕੀਤੀ ਹੈ ਜਦਕਿ  297 ਵਿਚ ਉਸ ਨੂੰ ਹਾਰ ਦਾ ਸਾਹਣਾ ਕਰਨਾ ਪਿਆ ਹੈ। ਇਸ ਦੌਰਾਨ ਉਸ਼ ਨੇ 345 ਡਰਾਅ ਖੇਡੇ ਹਨ।
ਰੰਗੀਨ ਤਸਮੇ ਪਹਿਨਣਗੇ ਇੰਗਲਿਸ਼ ਖਿਡਾਰੀ
ਪਹਿਲੇ ਟੈਸਟ ਦੌਰਾਨ ਇੰਗਲਿਸ਼ ਖਿਡਾਰੀ ਆਪਣੇ ਬੂਟਾਂ ਵਿਚ ਰੰਗੀਨ ਤਸਮੇ ਪਾ ਕੇ ਮੈਦਾਨ 'ਤੇ ਉਤਰਨਗੇ। ਦਰਅਸਲ ਇੰਗਲਿਸ਼ ਟੀਮ ਐੱਲ. ਜੀ. ਬੀ. ਟੀ. ਕਮਿਊਨਿਟੀ ਦੇ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਹੈ।


Related News