ਪਹਿਲੇ ਟੀ20 ਮੈਚ ''ਚ ਜਿੱਤ ਦਰਜ ਕਰਨ ਲਈ ਆਹਮੋ-ਸਾਹਮਣੇ ਹੋਣਗੀਆਂ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ

09/19/2022 5:59:35 PM

ਸਪੋਰਟਸ ਡੈਸਕ- ਭਾਰਤ ਮੰਗਲਵਾਰ ਤੋਂ ਆਸਟ੍ਰੇਲੀਆ ਦੇ ਖਿਲਾਫ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਦੇ ਨਾਲ ਮੈਚ ਖੇਡੇਗਾ। ਪਹਿਲੇ ਟੀ20 ਮੈਚ ਨੂੰ ਜਿੱਤ ਕੇ ਦੋਵੇਂ ਟੀਮਾਂ ਸੀਰੀਜ਼ 'ਚ ਜੇਤੂ ਆਗਾਜ਼ ਕਰਨਾ ਚਾਹੁਣਗੀਆਂ।ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਦੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਆਪਣੇ ਢੁਕਵੇਂ ਸੰਯੋਜਨ ਖਾਸ ਤੌਰ 'ਤੇ ਮੱਧਕ੍ਰਮ ਦੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਵਿਸ਼ਵ ਕੱਪ ਤੋਂ ਪਹਿਲਾਂ ਛੇ ਮੈਚਾਂ ਵਿੱਚ ਕੁਝ ਤੇਜ਼ ਗੇਂਦਬਾਜ਼ਾਂ ਨੂੰ ਭਾਵੇਂ ਆਰਾਮ ਦਿੱਤਾ ਗਿਆ ਹੋਵੇ ਪਰ ਇਸ ਤੋਂ ਇਲਾਵਾ ਭਾਰਤ ਆਪਣੀ ਮਜ਼ਬੂਤ ​​ਟੀਮ ਦੇ ਨਾਲ ਜਾ ਰਿਹਾ ਹੈ। 

ਆਸਟਰੇਲੀਆ ਤੋਂ ਬਾਅਦ ਭਾਰਤ ਤਿੰਨ ਮੈਚਾਂ ਲਈ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰੇਗਾ। ਟੀ-20 ਫਾਰਮੈਟ 'ਚ ਲਚਕਤਾ ਬਣਾਈ ਰੱਖਣਾ ਜ਼ਰੂਰੀ ਹੈ ਪਰ ਕਪਤਾਨ ਰੋਹਿਤ ਸ਼ਰਮਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਖਿਡਾਰੀ ਆਸਟ੍ਰੇਲੀਆ 'ਚ ਹੋਣ ਵਾਲੇ ਆਈਸੀਸੀ ਟੂਰਨਾਮੈਂਟ ਤੋਂ ਪਹਿਲਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਭਾਰਤ ਨੇ ਏਸ਼ੀਆ ਕੱਪ 'ਚ ਚੰਗੀ ਬੱਲੇਬਾਜ਼ੀ ਕੀਤੀ ਪਰ ਇਸ ਦੌਰਾਨ ਉਨ੍ਹਾਂ ਨੇ ਕਈ ਬਦਲਾਅ ਵੀ ਕੀਤੇ। ਇਸ ਟੂਰਨਾਮੈਂਟ 'ਚ ਭਾਰਤ ਦੀ ਗੇਂਦਬਾਜ਼ੀ ਦੀਆਂ ਕਮਜ਼ੋਰੀਆਂ ਵੀ ਸਾਹਮਣੇ ਆਈਆਂ ਸਨ ਪਰ ਹਰਸ਼ਲ ਪਟੇਲ ਅਤੇ ਜਸਪ੍ਰੀਤ ਬੁਮਰਾਹ ਦੀ ਵਾਪਸੀ ਨੇ ਹਮਲੇ ਨੂੰ ਮਜ਼ਬੂਤ ​​ਕੀਤਾ ਹੈ। 

ਇਹ ਵੀ ਪੜ੍ਹੋ : ਮੰਧਾਨਾ ਦੀ ਸ਼ਾਨਦਾਰ ਪਾਰੀ, ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਰੋਹਿਤ ਨੇ ਸਪੱਸ਼ਟ ਕੀਤਾ ਕਿ ਕੇ. ਐੱਲ. ਰਾਹੁਲ ਵਿਸ਼ਵ ਕੱਪ 'ਚ ਉਸ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ, ਪਰ ਸੰਭਾਵਨਾ ਹੈ ਕਿ ਵਿਰਾਟ ਕੋਹਲੀ ਉਸ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਉਤਰਨਗੇ। ਆਪਣੀ ਆਖਰੀ ਟੀ-20 ਪਾਰੀ 'ਚ ਸੈਂਕੜਾ ਲਗਾਉਣ ਵਾਲੇ ਕੋਹਲੀ ਨੂੰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੈਦਾਨ 'ਤੇ ਉਤਾਰਿਆ ਜਾ ਸਕਦਾ ਹੈ। ਭਾਰਤੀ ਬੱਲੇਬਾਜ਼ੀ ਕ੍ਰਮ ਵਿੱਚ ਚੋਟੀ ਦੇ ਚਾਰ ਬੱਲੇਬਾਜ਼ਾਂ ਦਾ ਫੈਸਲਾ ਹੋ ਗਿਆ ਹੈ ਪਰ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਆਖਰੀ ਗਿਆਰਾਂ ਵਿੱਚ ਰਿਸ਼ਭ ਪੰਤ ਜਾਂ ਦਿਨੇਸ਼ ਕਾਰਤਿਕ 'ਚੋਂ  ਕਿਸ ਨੂੰ ਵਿਕਟਕੀਪਰ ਵਜੋਂ ਚੁਣਿਆ ਜਾਵੇਗਾ। ਰਵਿੰਦਰ ਜਡੇਜਾ ਦੇ ਜ਼ਖਮੀ ਹੋਣ ਕਾਰਨ ਕਾਰਤਿਕ ਨਾਲੋਂ ਪੰਤ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। 'ਫਿਨੀਸ਼ਰ' ਦੀ ਭੂਮਿਕਾ ਲਈ ਕਾਰਤਿਕ ਨੂੰ ਲਿਆ ਗਿਆ ਹੈ। ਉਸ ਨੂੰ ਏਸ਼ੀਆ ਕੱਪ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਮੁਸ਼ਕਿਲ ਨਾਲ ਮਿਲਿਆ ਹੈ ਪਰ ਟੀਮ ਪ੍ਰਬੰਧਨ ਅਗਲੇ ਦੋ ਹਫਤਿਆਂ 'ਚ ਉਸ ਨੂੰ ਕੁਝ ਸਮਾਂ ਕ੍ਰੀਜ਼ 'ਤੇ ਬਿਤਾਉਣ ਦਾ ਮੌਕਾ ਦੇ ਸਕਦਾ ਹੈ। 

ਦੀਪਕ ਹੁੱਡਾ ਨੇ ਏਸ਼ੀਆ ਕੱਪ 'ਚ ਸੁਪਰ ਫੋਰ ਦੇ ਸਾਰੇ ਮੈਚ ਖੇਡੇ ਪਰ ਟੀਮ 'ਚ ਉਨ੍ਹਾਂ ਦੀ ਭੂਮਿਕਾ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਏਸ਼ੀਆ ਕੱਪ ਦੌਰਾਨ ਜਡੇਜਾ ਦੀ ਸੱਟ ਕਾਰਨ ਟੀਮ ਵਿੱਚ ਗੇਂਦਬਾਜ਼ੀ ਦਾ ਸੰਤੁਲਨ ਵਿਗੜ ਗਿਆ ਸੀ। ਭਾਰਤ ਨੂੰ ਪੰਜ ਗੇਂਦਬਾਜ਼ਾਂ ਨਾਲ ਖੇਡਣ ਲਈ ਮਜਬੂਰ ਹੋਣਾ ਪਿਆ ਅਤੇ ਉਸ ਕੋਲ ਛੇਵਾਂ ਗੇਂਦਬਾਜ਼ੀ ਵਿਕਲਪ ਨਹੀਂ ਸੀ। ਜੇਕਰ ਭਾਰਤ ਹਾਰਦਿਕ ਪੰਡਯਾ ਅਤੇ ਜਡੇਜਾ ਦੀ ਜਗ੍ਹਾ ਲਏ ਗਏ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰਦੇ ਹਨ ਤਾਂ ਭਾਰਤ ਕੋਲ ਵਾਧੂ ਗੇਂਦਬਾਜ਼ੀ ਵਿਕਲਪ ਹੋਵੇਗਾ। ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਅਤੇ ਹਾਰਦਿਕ ਦੇ ਤੇਜ਼ ਗੇਂਦਬਾਜ਼ੀ ਹਮਲੇ ਨਾਲ ਅਕਸ਼ਰ ਅਤੇ ਯੁਜਵੇਂਦਰ ਚਾਹਲ ਦੇ ਰੂਪ 'ਚ ਦੋ ਸਪਿਨਰ ਹੋ ਸਕਦੇ ਹਨ। 

ਟੀਮ ਮੈਨੇਜਮੈਂਟ ਆਸਟ੍ਰੇਲੀਆ ਦੇ ਹਾਲਾਤਾਂ ਨੂੰ ਧਿਆਨ 'ਚ ਰੱਖ ਕੇ ਇਨ੍ਹਾਂ ਮੈਚਾਂ ਲਈ ਟੀਮ ਸੰਯੋਜਨ ਤਿਆਰ ਕਰੇਗੀ। ਦੂਜੇ ਪਾਸੇ ਆਸਟਰੇਲੀਆ ਡੇਵਿਡ ਵਾਰਨਰ ਸਮੇਤ ਕੁਝ ਅਹਿਮ ਖਿਡਾਰੀਆਂ ਤੋਂ ਬਿਨਾਂ ਭਾਰਤ ਆਇਆ ਹੈ। ਵਾਰਨਰ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ ਅਤੇ ਮਿਸ਼ੇਲ ਮਾਰਸ਼ ਨੂੰ ਸੱਟਾਂ ਤੋਂ ਉਭਰਨ ਲਈ ਸਮਾਂ ਦਿੱਤਾ ਗਿਆ ਹੈ। ਸਭ ਦੀਆਂ ਨਜ਼ਰਾਂ ਕਪਤਾਨ ਆਰੋਨ ਫਿੰਚ 'ਤੇ ਹੋਣਗੀਆਂ, ਜਿਸ ਨੇ ਹਾਲ ਹੀ 'ਚ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਵਨਡੇ ਤੋਂ ਸੰਨਿਆਸ ਲੈ ਲਿਆ ਹੈ। ਉਹ ਵਿਸ਼ਵ ਕੱਪ ਤੋਂ ਪਹਿਲਾਂ ਫਾਰਮ 'ਚ ਵਾਪਸੀ ਦੀ ਕੋਸ਼ਿਸ਼ ਕਰੇਗਾ। ਸਭ ਦੀਆਂ ਨਜ਼ਰਾਂ ਇਕ ਹੋਰ ਖਿਡਾਰੀ ਟਿਮ ਡੇਵਿਡ 'ਤੇ ਹੋਣਗੀਆਂ, ਜੋ ਸਿੰਗਾਪੁਰ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਤੋਂ ਬਾਅਦ ਆਸਟਰੇਲੀਆ ਲਈ ਆਪਣਾ ਡੈਬਿਊ ਕਰੇਗਾ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਭਾਰਤ-ਆਸਟ੍ਰੇਲੀਆ ਸੀਰੀਜ਼ ਤੋਂ ਪਹਿਲਾਂ ਕੀਤਾ ਸਖ਼ਤ ਅਭਿਆਸ

ਟੀਮਾਂ ਇਸ ਪ੍ਰਕਾਰ ਹਨ :

ਆਸਟ੍ਰੇਲੀਆ : ਸੀਨ ਐਬੋਟ, ਐਸ਼ਟਨ ਐਗਰ, ਪੈਟ ਕਮਿੰਸ, ਟਿਮ ਡੇਵਿਡਸ, ਨਾਥਨ ਐਲਿਸ, ਆਰੋਨ ਫਿੰਚ (ਕਪਤਾਨ), ਕੈਮਰੂਨ ਗ੍ਰੀਨ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਡੇਨੀਅਲ ਸੈਮਸ, ਸਟੀਵ ਸਮਿਥ, ਮੈਥਿਊ ਵੇਡ, ਐਡਮ ਜ਼ੈਂਪਾ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਯੁਜ਼ਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News