ਫੀਫਾ ਵਿਸ਼ਵ ਕੱਪ ਕੁਆਲੀਫਾਇਰ ’ਚ ਭਾਰਤ ਤੇ ਅਫਗਾਨਿਸਤਾਨ ਨੇ ਗੋਲਰਹਿਤ ਡਰਾਅ ਖੇਡਿਆ
Saturday, Mar 23, 2024 - 12:10 PM (IST)
ਆਭਾ (ਸਾਊਦੀ ਅਰਬ)– ਭਾਰਤ ਤੇ ਅਫਗਾਨਿਸਤਾਨ ਨੇ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਵਿਚ ਗਰੁੱਪ-ਏ ਵਿਚ ਗੋਲਰਹਿਤ ਡਰਾਅ ਖੇਡਿਆ ਤੇ ਦੋਵੇਂ ਟੀਮਾਂ ਗੋਲ ਕਰਨ ਦੇ ਇਕ ਵੀ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੀਆਂ। ਵੀਰਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ ’ਚ ਭਾਰਤ ਪਹਿਲੇ ਹਾਫ ’ਚ ਗੋਲ ਕਰਨ ਦੇ ਨੇੜੇ ਪਹੁੰਚਿਆ ਜਦੋਂ ਮਨਵੀਰ ਸਿੰਘ ਨੇ ਦੋ ਮੌਕੇ ਬਣਾਏ ਪਰ ਗੋਲ ਨਹੀਂ ਹੋ ਸਕਿਆ। ਇਸ ਮੈਚ ਤੋਂ ਬਾਅਦ ਭਾਰਤ ਗਰੁੱਪ-ਏ ਵਿਚ ਤਿੰਨ ਮੈਚਾਂ ’ਚੋਂ ਚਾਰ ਅੰਕ ਲੈ ਕੇ ਦੂਜੇ ਸਥਾਨ ’ਤੇ ਹੈ ਜਦਕਿ ਕੁਵੈਤ ਦੇ ਤਿੰਨ ਅੰਕ ਹਨ, ਜਿਸ ਨੂੰ ਕਤਰ ਨੇ 3-0 ਨਾਲ ਹਰਾਇਆ।
ਅਫਗਾਨਿਸਤਾਨ ਗਰੁੱਪ ਵਿਚ ਚੌਥੇ ਸਥਾਨ ’ਤੇ ਹੈ। ਡਾਮਾਕ ਸਟੇਡੀਅਮ ’ਚ ਦੋਵੇਂ ਟੀਮਾਂ ਨੇ ਸ਼ੁਰੂਆਤ ਵਿਚ ਕਾਫੀ ਹਮਲਾਵਰ ਖੇਡ ਦਿਖਾਈ। ਅਫਗਾਨਿਸਤਾਨ ਨੇ ਆਪਣੀ ਰਫਤਾਰ ਤੇ ਕੱਦ ਕਾਠੀ ਦੇ ਦਮ ’ਤੇ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀਆਂ ਦੀ ਪਾਸਿੰਗ ਚੰਗੀ ਸੀ।
ਜਨਵਰੀ ਵਿਚ ਸੀਨੀਅਰ ਟੀਮ ਵਿਚ ਡੈਬਿਊ ਕਰਨ ਵਾਲਾ ਵਿਕਰਮ ਪ੍ਰਤਾਪ ਸਿੰਘ ਪਹਿਲੀ ਵਾਰ ਆਖਰੀ-11 ਵਿਚ ਉਤਰਿਆ ਤੇ ਅਫਗਾਨ ਡਿਫੈਂਸ ’ਚ ਸੰਨ੍ਹ ਲਗਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ। ਭਾਰਤ ਨੇ ਪਹਿਲੇ ਹੀ ਮਿੰਟ ਤੋਂ ਹਮਲਾਵਰ ਖੇਡ ਦਿਖਾਈ ਤੇ 17ਵੇਂ ਮਿੰਟ ਵਿਚ ਮਨਵੀਰ ਜੇਕਰ ਗੋਲ ਕਰ ਦਿੰਦਾ ਤਾਂ ਭਾਰਤ ਨੂੰ 2026 ਵਿਸ਼ਵ ਕੱਪ ਤੇ 2027 ਏ. ਐੱਫ. ਸੀ. ਏਸ਼ੀਆਈ ਕੱਪ ਦੇ ਸ਼ੁਰੂਆਤੀ ਸਾਂਝੇ ਤੌਰ ’ਤੇ ਕੁਆਲੀਫਿਕੇਸ਼ਨ ਮੈਚ ਵਿਚ ਦੂਜੇ ਦੌਰ ਦੇ ਬਾਹਰੀ ਮੁਕਾਬਲੇ ਵਿਚ ਬੜ੍ਹਤ ਮਿਲ ਜਾਂਦੀ।
ਅਫਗਾਨਿਸਤਾਨ ਨੇ ਵੀ ਜਵਾਬੀ ਹਮਲਿਆਂ ’ਤੇ ਮੌਕੇ ਬਣਾਏ ਪਰ ਭਾਰਤੀ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਮਨਵੀਰ ਨੂੰ ਪਹਿਲੇ ਹਾਫ ਵਿਚ ਇਕ ਮੌਕਾ ਹੋਰ ਮਿਲਿਆ ਜਦੋਂ ਲਾਲਿਯਾਂਜੂਆਲਾ ਛਾਂਗਟੇ ਤੋਂ ਮਿਲੇ ਕਾਰਨਰ ’ਤੇ ਫੁੱਲਬੈਕ ਨਿਖਿਲ ਪੁਜਾਰੀ ਨੇ ਉਸ ਨੂੰ ਕ੍ਰਾਸ ਦਿੱਤਾ ਪਰ ਉਹ ਗੋਲ ਕਰਨ ਵਿਚ ਅਸਫਲ ਰਿਹਾ। ਦੂਜੇ ਹਾਫ ਵਿਚ ਵਿਕਰਮ ਪ੍ਰਤਾਪ ਨੇ ਦੋ ਮੌਕੇ ਗਵਾਏ। ਪਹਿਲੇ ਮੌਕੇ ’ਤੇ ਬਾਲ ਦੂਰ ਰਹਿ ਗਈ ਤੇ ਦੂਜੇ ਮੌਕੇ ’ਤੇ ਉਹ ਸਹੀ ਗੱਲ ਬਣਾਉਣ ਵਿਚ ਅਸਫਲ ਰਿਹਾ।