ਭਾਰਤ-ਏ ਜਿੱਤਿਆ ਤੀਜਾ ਟੈਸਟ, ਨਿਊਜ਼ੀਲੈਂਡ-ਏ ਨੂੰ 113 ਦੌੜਾਂ ਨਾਲ ਹਰਾਇਆ

Sunday, Sep 18, 2022 - 08:11 PM (IST)

ਬੈਂਗਲੁਰੂ : ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ ਨੇ 103 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਿਸ ਨਾਲ ਭਾਰਤ-ਏ ਨੇ ਐਤਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਗੈਰ-ਅਧਿਕਾਰਤ ਟੈਸਟ ਮੈਚ ਵਿੱਚ ਜੋ ਕਾਰਟਰ ਦੇ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ-ਏ ਨੂੰ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ। ਜੋ ਕਾਰਟਰ ਨੇ 111 ਦੌੜਾਂ ਬਣਾਈਆਂ ਪਰ ਦੂਜੇ ਸਿਰੇ ਤੋਂ ਉਸ ਨੂੰ ਕੋਈ ਖਾਸ ਸਹਿਯੋਗ ਨਹੀਂ ਮਿਲਿਆ, ਜਿਸ ਕਾਰਨ ਨਿਊਜ਼ੀਲੈਂਡ ਦੀ ਟੀਮ ਮੈਚ ਦੇ ਚੌਥੇ ਅਤੇ ਆਖਰੀ ਦਿਨ 416 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 302 ਦੌੜਾਂ 'ਤੇ ਆਊਟ ਹੋ ਗਈ।

ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਲਈ ਭਾਰਤ ਦੇ ਸਪਿਨ ਗੇਂਦਬਾਜ਼ਾਂ ਨੂੰ ਖੇਡਣਾ ਮੁਸ਼ਕਲ ਹੋ ਗਿਆ। ਸੌਰਭ ਤੋਂ ਇਲਾਵਾ ਕੰਮ ਚਲਾਊ ਸਪਿਨਰ ਸਰਫਰਾਜ਼ ਖਾਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 48 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਅਤੇ ਮੁਕੇਸ਼ ਕੁਮਾਰ ਨੂੰ ਇਕ-ਇਕ ਵਿਕਟ ਮਿਲੀ। 416 ਦੌੜਾਂ ਦੇ ਸਖ਼ਤ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ-ਏ ਨੇ ਮੈਚ ਦੇ ਚੌਥੇ ਅਤੇ ਆਖਰੀ ਦਿਨ ਸਵੇਰੇ ਆਪਣੀ ਦੂਜੀ ਪਾਰੀ 20 ਦੌੜਾਂ ਤੋਂ ਅੱਗੇ ਵਧਾਈ, ਪਰ ਸ਼ਾਰਦੁਲ ਠਾਕੁਰ ਨੇ ਦਿਨ ਦੇ ਤੀਜੇ ਓਵਰ ਵਿੱਚ ਜੋ ਵਾਕਰ (ਸੱਤ) ਨੂੰ ਬੋਲਡ ਕਰ ਦਿੱਤਾ।

ਇਹ ਵੀ ਪੜ੍ਹੋ : IND vs AUS: ਸਾਢੇ ਤਿੰਨ ਸਾਲ ਬਾਅਦ ਉਮੇਸ਼ ਯਾਦਵ ਦੀ ਵਾਪਸੀ, ਸ਼ੰਮੀ ਦੀ ਜਗ੍ਹਾ ਮਿਲਿਆ ਮੌਕਾ

ਕਾਰਟਰ ਨੇ ਫਿਰ ਡੇਨ ਕਲੀਵਰ (44) ਨਾਲ ਤੀਜੇ ਵਿਕਟ ਲਈ 85 ਅਤੇ ਮਾਰਕ ਚੈਪਮੈਨ (45) ਨਾਲ ਚੌਥੀ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਸੌਰਭ ਨੇ ਕਲੀਵਰ ਨੂੰ ਐਲ. ਬੀ. ਡਬਲਯੂ. ਆਊਟ ਕੀਤਾ ਜਦੋਂ ਕਿ ਸਰਫਰਾਜ਼ ਖਾਨ ਨੇ ਚੈਪਮੈਨ ਨੂੰ ਪਵੇਲੀਅਨ ਦੀ ਰਾਹ ਦਿਖਾਈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਪਿਛਲੇ ਬੱਲੇਬਾਜ਼ ਸੌਰਭ ਦੇ ਸਾਹਮਣੇ ਨਹੀਂ ਟਿਕ ਸਕੇ। ਜੋਅ ਕਾਰਟਰ ਨੌਵੇਂ ਨੰਬਰ ਦੇ ਬੱਲੇਬਾਜ਼ ਵਜੋਂ ਆਊਟ ਹੋਇਆ। ਉਸ ਨੂੰ ਮੁਕੇਸ਼ ਕੁਮਾਰ ਨੇ ਬੋਲਡ ਕੀਤਾ। ਉਸ ਨੇ ਆਪਣੀ ਪਾਰੀ ਵਿੱਚ 230 ਗੇਂਦਾਂ ਖੇਡੀਆਂ ਅਤੇ 12 ਚੌਕੇ ਅਤੇ ਇੱਕ ਛੱਕਾ ਲਗਾਇਆ।

ਰੁਤੁਰਾਜ ਗਾਇਕਵਾੜ ਦੀਆਂ 108 ਦੌੜਾਂ ਦੀ ਮਦਦ ਨਾਲ ਭਾਰਤ-ਏ ਨੇ ਆਪਣੀ ਪਹਿਲੀ ਪਾਰੀ 'ਚ 293 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 237 ਦੌੜਾਂ 'ਤੇ ਆਊਟ ਹੋ ਗਈ। ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਸੱਤ ਵਿਕਟਾਂ ’ਤੇ 359 ਦੌੜਾਂ ਬਣਾ ਕੇ ਸਮਾਪਤ ਕੀਤੀ। ਭਾਰਤ ਦੀ ਪਾਰੀ ਦੀ ਖਾਸ ਗੱਲ ਰਜਤ ਪਾਟੀਦਾਰ ਦਾ ਸੈਂਕੜਾ (ਅਜੇਤੂ 109) ਸੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਹਿਲੇ ਦੋ ਮੈਚ ਡਰਾਅ ਰਹੇ ਸਨ। ਹੁਣ ਦੋਵਾਂ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਜਾਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News