ਫਲੋਰਿਡਾ ''ਚ ਦੋ ਟੀ-20 ਮੈਚਾਂ ਨਾਲ ਸ਼ੁਰੂ ਹੋਵੇਗਾ ਭਾਰਤ ਦਾ ਵੈਸਟਇੰਡੀਜ਼ ਦੌਰਾ
Thursday, Jun 13, 2019 - 12:07 PM (IST)
ਸੇਂਟ ਜੋਨਸ— ਭਾਰਤ ਵਲਰਡ ਟੈਸਟ ਚੈਂਪੀਅਨਸ਼ਿਪ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਵੈਸਟਇੰਡੀਜ਼ ਖਿਲਾਫ 22 ਅਗਸਤ ਤੋਂ ਇੱਥੇ ਦੋ ਟੈਸਟ ਮੈਚਾਂ ਦੀ ਲੜੀ ਨਾਲ ਕਰੇਗਾ ਹਾਲਾਂਕਿ ਉਸ ਦਾ ਇਹ ਦੌਰਾ ਤਿੰਨ ਅਗਸਤ ਤੋਂ ਫਲੋਰਿਡਾ 'ਚ ਹੋਣ ਵਾਲੇ ਦੋ ਟੀ-20 ਕੌਮਾਂਤਰੀ ਮੈਚਾਂ ਤੋਂ ਸ਼ੁਰੂ ਹੋ ਜਾਵੇਗਾ। ਵੈਸਟਇੰਡੀਜ਼ ਦੇ ਦੌਰੇ 'ਚ ਭਾਰਤ 2019 'ਚ ਵਿਦੇਸ਼ਾਂ 'ਚ ਇਕਮਾਤਰ ਟੈਸਟ ਸੀਰੀਜ਼ ਖੇਡੇਗਾ। ਇਹ ਦੋਵੇਂ ਟੀਮਾਂ ਦੋ ਟੈਸਟ ਅਤੇ ਤਿੰਨ ਟੀ-20 ਮੈਚਾਂ ਤੋਂ ਇਲਾਵਾ ਪੰਜ ਹਫਤੇ ਦੇ ਦੌਰੇ 'ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਵੀ ਖੇਡੇਗੀ।
ਪਹਿਲਾ ਟੈਸਟ 22 ਤੋਂ 26 ਅਗਸਤ ਵਿਚਾਲੇ ਇੱਥੇ ਵਿਵੀਅਨ ਰਿਚਰਡਸ ਕ੍ਰਿਕਟ ਗ੍ਰਾਊਂਡ 'ਤੇ ਖੇਡਿਆ ਜਾਵੇਗਾ ਜਦਕਿ ਦੂਜਾ ਟੈਸਟ ਮੈਚ 30 ਅਗਸਤ ਤੋਂ ਸਬੀਨਾ ਪਾਰਕ ਜਮੈਕਾ 'ਚ ਸ਼ੁਰੂ ਹੋਵੇਗਾ। ਇਨ੍ਹਾਂ ਟੈਸਟ ਮੈਚਾਂ 'ਚ ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੀ ਵੀ ਸ਼ੁਰੂਆਤ ਹੋਵੇਗੀ ਜੋ ਕਿ ਅਗਲੇ ਦੋ ਸਾਲ ਤਕ ਚਲੇਗੀ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਜਾਨੀ ਗ੍ਰੇਵ ਨੇ ਬੁੱਧਵਾਰ ਨੂੰ ਕਿਹਾ, ''ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਲੰਬੀ ਅਤੇ ਆਕਰਸ਼ਕ ਮੁਕਾਬਲੇਬਾਜ਼ੀ ਰਹੀ ਹੈ ਅਤੇ ਇਸ ਸੀਰੀਜ਼ 'ਚ ਵੀ ਖੇਡ ਦੇ ਹਰੇਕ ਫਾਰਮੈਟ 'ਚ ਵੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ।'' ਸੀਰੀਜ਼ ਦੀ ਸ਼ੁਰੂਆਤ ਟੀ-20 ਮੈਚਾਂ ਨਾਲ ਹੋਵੇਗੀ। ਪਹਿਲੇ ਦੋ ਮੈਚ ਤਿੰਨ ਅਤੇ ਚਾਰ ਅਗਸਤ ਨੂੰ ਅਮਰੀਕਾ ਦੇ ਫਲੋਰਿਡਾ 'ਚ ਲਾਡਰਿਲ ਦੇ ਬ੍ਰੋਵਾਰਡ ਕਾਊਂਟੀ ਸਟੇਡੀਅਮ 'ਚ ਖੇਡੇ ਜਾਣਗੇ।