IIM-ਅਹਿਮਦਾਬਾਦ ਦੇ ਮਾਹਿਰਾਂ ਦੀ ਟੀਮ ਫਰਵਰੀ ''ਚ ਕਰੇਗੀ ਪੰਜਾਬ ਦਾ ਦੌਰਾ: ਹਰਜੋਤ ਬੈਂਸ

Tuesday, Jan 28, 2025 - 03:22 PM (IST)

IIM-ਅਹਿਮਦਾਬਾਦ ਦੇ ਮਾਹਿਰਾਂ ਦੀ ਟੀਮ ਫਰਵਰੀ ''ਚ ਕਰੇਗੀ ਪੰਜਾਬ ਦਾ ਦੌਰਾ: ਹਰਜੋਤ ਬੈਂਸ

ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਦੀਆਂ ਆਈ. ਟੀ. ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ 'ਚ ਲੀਡਰਸ਼ਿਪ ਦੇ ਗੁਣਾਂ ਨੂੰ ਹੋਰ ਨਿਖਾਰਨ, ਪ੍ਰਬੰਧਕੀ ਕੁਸ਼ਲਤਾ ਅਤੇ ਅਕਾਦਮਿਕ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.), ਅਹਿਮਦਾਬਾਦ ਦੇ ਮਾਹਿਰਾਂ ਦੀ ਇੱਕ ਟੀਮ ਫਰਵਰੀ 'ਚ ਪੰਜਾਬ ਦਾ ਦੌਰਾ ਕਰੇਗੀ। ਇਹ ਟੀਮ ਸਿਖਲਾਈ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਲਈ ਟ੍ਰੇਨਿੰਗ ਸਬੰਧੀ ਲੋੜਾਂ ਦਾ ਮੁਲਾਂਕਣ ਕਰਨ ਲਈ ਮੁੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕਰੇਗੀ।

 ਦੱਸਣਯੋਗ ਹੈ ਕਿ ਆਈ. ਆਈ. ਐੱਮ-ਅਹਿਮਦਾਬਾਦ, ਐੱਨ.ਆਈ.ਆਰ.ਐਫ. ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਹੈ ਅਤੇ ਆਪਣੀ ਉੱਤਮਤਾ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਹ ਸੰਸਥਾ ਪ੍ਰਬੰਧਕੀ ਸਿੱਖਿਆ ਵਿੱਚ ਮੋਹਰੀ ਹੈ ਅਤੇ ਆਪਣੀਆਂ ਸਿੱਖਿਆ ਸਬੰਧੀ ਨਵੀਨਤਾਕਾਰੀ ਵਿਧੀਆਂ, ਖੋਜਾਂ ਅਤੇ ਅਕਾਦਮਿਕ ਤੇ ਪੇਸ਼ੇਵਰ ਉੱਤਮਤਾ ਪ੍ਰਤੀ ਦ੍ਰਿੜ ਵਚਨਬੱਧਤਾ ਲਈ ਜਾਣੀ ਜਾਂਦੀ ਹੈ।

 ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਆਈ.ਆਈ.ਐਮ-ਅਹਿਮਦਾਬਾਦ ਦੇ ਸਹਿਯੋਗ ਨਾਲ ਰਾਜ ਦੀਆਂ ਆਈ.ਟੀ.ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਮੈਨੇਜਮੈਂਟ ਡਿਵੈੱਲਪਮੈਂਟ ਪ੍ਰੋਗਰਾਮ (ਐੱਮ. ਡੀ. ਪੀ.) ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਈ. ਆਈ. ਐੱਮ-ਅਹਿਮਦਾਬਾਦ ਦੇ ਫੈਕਲਟੀ ਮੈਂਬਰ ਮੁੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਅਤੇ ਸਿਖਲਾਈ ਸਬੰਧੀ ਲੋੜਾਂ ਦਾ ਮੁਲਾਂਕਣ ਕਰਨ ਲਈ 12 ਤੋਂ 15 ਫਰਵਰੀ, 2025 ਤੱਕ ਪੰਜਾਬ ਦਾ ਦੌਰਾ ਕਰਨਗੇ। ਇਹ ਪ੍ਰੋਗਰਾਮ ਤਕਨੀਕੀ ਅਤੇ ਕਿੱਤਾਮੁਖੀ ਸੰਸਥਾਵਾਂ ਨੂੰ ਸੈਂਟਰ ਆਫ ਐਕਸੀਲੈਂਸ ਵਿੱਚ ਅਪਗ੍ਰੇਡ ਕਰਨ ਵਿੱਚ ਵਿਭਾਗ ਦੀ ਮਦਦ ਕਰੇਗਾ।

 ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਈਕੋਸਿਸਟਮ ਦੇ ਵਿਕਾਸ ਅਤੇ ਇਸਦੇ ਆਗੂਆਂ ਨੂੰ ਇਸ ਖੇਤਰ ਦੀਆਂ ਸਮੇਂ ਅਨੁਸਾਰ ਬਦਲ ਰਹੀਆਂ ਲੋੜਾਂ ਮੁਤਾਬਕ ਬਣਾਉਣ ਵਾਸਤੇ ਤਿਆਰ ਕੀਤੇ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਆਈ. ਟੀ. ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ 30 ਪ੍ਰਿੰਸੀਪਲਾਂ ਦੇ ਨਾਲ-ਨਾਲ ਵਿਭਾਗੀ ਅਧਿਕਾਰੀਆਂ ਨੂੰ ਵੱਕਾਰੀ ਆਈ.ਆਈ.ਐਮ.-ਅਹਿਮਦਾਬਾਦ ਕੈਂਪਸ ਵਿਖੇ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਦੌਰਾਨ 20 ਇੰਟਰਐਕਟਿਵ ਸੈਸ਼ਨ ਕਰਵਾਏ ਜਾਣਗੇ, ਜਿਸ ਵਿੱਚ ਪ੍ਰੋਫੈਸਰ ਅੰਬਰੀਸ਼ ਡੋਂਗਰੇ ਅਤੇ ਪ੍ਰੋਫੈਸਰ ਨਿਹਾਰਿਕਾ ਵੋਹਰਾ ਸਮੇਤ ਆਈ.ਆਈ.ਐਮ.-ਅਹਿਮਦਾਬਾਦ ਦੇ ਨਾਮੀ ਪ੍ਰੋਫੈਸਰਾਂ ਵੱਲੋਂ ਸਿਖਲਾਈ ਦੀਆਂ ਨਵੀਆਂ ਤਕਨੀਕਾਂ ਤੇ ਅਭਿਆਸਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ।


author

Babita

Content Editor

Related News