ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ ਅੱਜ, ਤਿਆਰੀਆਂ ਪਰਖੇਗੀ ਟੀਮ ਇੰਡੀਆ
Saturday, May 25, 2019 - 03:35 AM (IST)

ਲੰਡਨ- ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਦੇ ਬਿਹਤਰੀਨ ਸੰਯੋਜਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ ਵਿਚ ਆਈ. ਸੀ. ਸੀ. ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪਰਖਣ ਉਤਰੇਗੀ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਭਾਰਤੀ ਟੀਮ ਦੋ ਅਭਿਆਸ ਮੈਚ ਖੇਡੇਗੀ, ਜਿਸ ਵਿਚ ਪਹਿਲਾ ਮੁਕਾਬਲਾ ਉਹ ਕੇਨਿੰਗਟਨ ਓਵਲ ਵਿਚ ਨਿਊਜ਼ੀਲੈਂਡ ਵਿਰੁੱਧ ਸ਼ਨੀਵਾਰ ਨੂੰ ਖੇਡੇਗੀ। ਇਹ ਗੈਰ-ਅਧਿਕਾਰਤ ਅਭਿਆਸ ਮੈਚ ਟੀਮ ਇੰਡੀਆ ਦੇ ਪ੍ਰਦਰਸ਼ਨ ਤੇ ਉਸਦੀਆਂ ਤਿਆਰੀਆਂ ਨੂੰ ਪਰਖਣ ਦੇ ਲਿਹਾਜ਼ ਨਾਲ ਬਹੁਤ ਅਹਿਮ ਹੋਵੇਗਾ, ਜਿਸ ਦੇ ਸਾਰੇ ਖਿਡਾਰੀ ਇਸ ਮਹੀਨੇ ਖਤਮ ਹੋਏ ਆਈ. ਪੀ. ਐੱਲ. ਦੇ ਰੁਝੇਵੇਂ ਤੋਂ ਬਾਅਦ ਸਿੱਧੇ ਬ੍ਰਿਟੇਨ ਪਹੁੰਚੇ ਹਨ।
ਭਾਰਤ ਨੇ ਆਪਣੀ ਆਖਰੀ ਕੌਮਾਂਤਰੀ ਸੀਰੀਜ਼ ਆਸਟਰੇਲੀਆ ਵਿਰੁੱਧ ਆਪਣੇ ਹੀ ਘਰੇਲੂ ਮੈਦਾਨ 'ਤੇ ਖੇਡੀ ਸੀ, ਜਿਸ ਵਿਚ ਉਸ ਨੂੰ 2-3 ਨਾਲ ਹਾਰ ਝੱਲਣੀ ਪਈ। ਇਸ ਤੋਂ ਬਾਅਦ ਵਿਸ਼ਵ ਕੱਪ ਟੀਮ ਦੇ ਸਾਰੇ ਖਿਡਾਰੀ ਆਈ. ਪੀ. ਐੱਲ. ਵਿਚ ਆਪਣੀ-ਆਪਣੀ ਟੀਮ ਲਈ ਖੇਡਣ ਉਤਰੇ। ਅਜਿਹੇ ਵਿਚ ਤਿਆਰੀ ਦੇ ਲਿਹਾਜ਼ ਨਾਲ ਉਸਦੇ ਦੋਵੇਂ ਅਭਿਆਸ ਮੈਚ ਕਾਫੀ ਮਹੱਤਵਪੂਰਨ ਹੋਣਗੇ, ਜਿੱਥੇ ਖਿਡਾਰੀਆਂ ਨੂੰ ਇੱਥੋਂ ਦੇ ਹਾਲਾਤ ਦੇ ਅਨੁਕੂਲ ਖੁਦ ਨੂੰ ਢਾਲਣ ਵਿਚ ਮਦਦ ਮਿਲੇਗੀ, ਜਦਕਿ ਟੀਮ ਮੈਨੇਜਮੈਂਟ ਕੋਲ ਵੀ ਸੰਯੋਜਨ ਪਰਖਣ ਦਾ ਮੌਕਾ ਹੋਵੇਗਾ। ਭਾਰਤੀ ਟੀਮ ਮੈਨੇਜਮੈਂਟ ਲਈ ਚੌਥੇ ਕ੍ਰਮ ਨੂੰ ਲੈ ਕੇ ਵੀ ਸਥਿਤੀ ਕਾਫੀ ਪੇਚੀਦਾ ਰਹੀ ਹੈ, ਜਿੱਥੇ ਫਿਲਹਾਲ ਲੋਕੇਸ਼ ਰਾਹੁਲ ਤੇ ਘੱਟ ਤਜਰਬੇ ਦੇ ਬਾਵਜੂਦ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਨੂੰ ਲੈ ਕੇ ਸੁਰਖੀਆਂ ਬਟੋਰਨ ਵਾਲੇ ਆਲਰਾਊਂਡਰ ਵਿਜੇ ਸ਼ੰਕਰ ਨੂੰ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਓਪਨਿੰਗ ਕ੍ਰਮ ਵਿਚ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੀ ਫਾਰਮ ਵੀ ਅਹਿਮ ਹੋਵੇਗੀ, ਜਿਨ੍ਹਾਂ 'ਤੇ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੈ। ਕਪਤਾਨ ਵਿਰਾਟ ਤੀਜੇ ਨੰਬਰ 'ਤੇ ਅਹਿਮ ਬੱਲੇਬਾਜ਼ ਹੈ ਤੇ ਇਨ੍ਹਾਂ ਖਿਡਾਰੀਆਂ ਦੀ ਮੌਜੂਦਗੀ ਨਾਲ ਭਾਰਤ ਦਾ ਚੋਟੀਕ੍ਰਮ ਕਾਫੀ ਮਜ਼ਬੂਤ ਹੈ। ਉਥੇ ਹੀ ਪੰਜਵੇਂ ਨੰਬਰ 'ਤੇ ਮਹਿੰਦਰ ਸਿੰਘ ਧੋਨੀ, ਆਲਰਾਊਂਡਰ ਕੇਦਾਰ ਜਾਧਵ ਤੇ ਆਲਰਾਊਂਡਰ ਹਾਰਦਿਕ ਪੰਡਯਾ ਹੇਠਲੇ ਕ੍ਰਮ ਨੂੰ ਮਜ਼ਬੂਤੀ ਦੇਣ ਵਾਲੇ ਅਹਿਮ ਖਿਡਾਰੀ ਹਨ। ਅਭਿਆਸ ਮੈਚ ਵਿਚ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਗੇਂਦਬਾਜ਼ਾਂ 'ਤੇ ਵੀ ਨਜ਼ਰਾਂ ਰਹਿਣਗੀਆਂ, ਜਿਨ੍ਹਾਂ ਨੂੰ ਇੰਗਲੈਂਡ ਦੀਆਂ ਪਿੱਚਾਂ 'ਤੇ ਅਹਿਮ ਮੰਨਿਆ ਜਾ ਰਿਹਾ ਹੈ। ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇੰਗਲਿਸ਼ ਪਿੱਚਾਂ 'ਤੇ ਹਰ ਟੀਮ ਦੇ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਹੋਵੇਗੀ। ਭਾਰਤੀ ਟੀਮ ਕੋਲ ਵਨ ਡੇ ਵਿਚ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਦੇ ਰੂਪ ਵਿਚ ਜਸਪ੍ਰੀਤ ਬੁਮਰਾਹ ਮੌਜੂਦ ਹੈ। ਤੇਜ਼ ਗੇਂਦਬਾਜ਼ ਬੁਮਰਾਹ ਤੋਂ ਇਲਾਵਾ ਗੇਂਦਬਾਜ਼ੀ ਹਮਲੇ ਵਿਚ ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ ਤੇ ਪੰਡਯਾ ਕੋਲੋਂ ਇੱਥੋਂ ਦੀਆਂ ਚੁਣੌਤੀਪੂਰਨ ਪਿੱਚਾਂ 'ਤੇ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ, ਜਦਕਿ ਸਪਿਨਰਾਂ ਵਿਚ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦਾ ਪ੍ਰਦਰਸ਼ਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸਾਲ 1983 ਵਿਚ ਕਪਿਲ ਦੇਵ ਤੇ 2011 ਵਿਚ ਧੋਨੀ ਦੀ ਕਪਤਾਨੀ ਵਿਚ ਵਿਸ਼ਵ ਜੇਤੂ ਬਣਿਆ ਭਾਰਤ ਇਸ ਵਾਰ ਵਿਰਾਟ ਦੀ ਕਪਤਾਨੀ ਵਿਚ ਚੈਂਪੀਅਨ ਬਣਨ ਦੇ ਟੀਚੇ ਨਾਲ ਉਤਰਿਆ ਹੈ ਪਰ ਖੁਦ ਕਪਤਾਨ ਵਿਰਾਟ ਕਹਿ ਚੁੱਕਾ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਚੁਣੌਤੀਪੂਰਨ ਵਿਸ਼ਵ ਕੱਪ ਹੋਵੇਗਾ, ਜਿੱਥੇ ਕੋਈ ਵੀ ਉਲਟਫੇਰ ਕਰ ਸਕਦਾ ਹੈ ਅਤੇ ਖਿਡਾਰੀਆਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।
ਨਿਊਜ਼ੀਲੈਂਡ ਨੂੰ ਝਟਕਾ, ਟਾਮ ਲਾਥਮ ਜ਼ਖਮੀ
ਨਿਊਜ਼ੀਲੈਂਡ ਲਈ ਅਭਿਆਸ ਮੈਚ ਤੋਂ ਪਹਿਲਾਂ ਵੱਡਾ ਝਟਕਾ ਵਿਕਟਕੀਪਰ ਬੱਲੇਬਾਜ਼ ਟਾਮ ਲਾਥਮ ਦੇ ਜ਼ਖਮੀ ਹੋਣ ਤੋਂ ਲੱਗਾ ਹੈ, ਜਿਹੜਾ ਭਾਰਤ ਵਿਰੁੱਧ ਅਭਿਆਸ ਮੈਚ ਵਿਚ ਨਹੀਂ ਉਤਰੇਗਾ। ਲਾਥਮ ਦੀ ਜਗ੍ਹਾ ਮੈਚ ਵਿਚ ਗੈਰ-ਤਜਰਬੇਕਾਰ ਟਾਮ ਬਲੇਂਡੇਲ ਨੂੰ ਉਤਾਰਿਆ ਜਾਵੇਗਾ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ
ਵਿਰਾਟ ਕੋਹਲੀ (ਕਪਤਾਨ), ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਰਵਿੰਦਰ ਜਡੇਜਾ, ਕੇਦਾਰ ਜਾਧਵ, ਦਿਨੇਸ਼ ਕਾਰਤਿਕ (ਵਿਕਟਕੀਪਰ), ਭੁਵਨੇਸ਼ਵਰ ਕੁਮਾਰ, ਹਾਰਦਿਕ ਪੰਡਯਾ, ਲੋਕੇਸ਼ ਰਾਹੁਲ, ਮੁਹੰਮਦ ਸ਼ੰਮੀ, ਵਿਜੇ ਸ਼ੰਕਰ, ਰੋਹਿਤ ਸ਼ਰਮਾ, ਕੁਲਦੀਪ ਯਾਦਵ।
ਨਿਊਜ਼ੀਲੈਂਡ
ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ (ਵਿਕਟਕੀਪਰ), ਟ੍ਰੇਂਟ ਬੋਲਟ, ਕੌਲਿਨ ਡੀ ਗ੍ਰੈਂਡਹੋਮ, ਲੋਕੀ ਫ੍ਰਗਿਊਸਨ, ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ (ਵਿਕਟਕੀਪਰ), ਕੌਲਿਨ ਮੁਨਰੋ, ਜਿੰਮੀ ਨੀਸ਼ਮ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਰੋਸ ਟੇਲਰ।