ਭਾਰਤ ਦੀ ਬਿੰਦਿਆਰਾਣੀ ਦੇਵੀ ਨੇ ਏਸ਼ਿਆਈ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਦਾ ਤਮਗਾ

Saturday, May 06, 2023 - 02:31 PM (IST)

ਭਾਰਤ ਦੀ ਬਿੰਦਿਆਰਾਣੀ ਦੇਵੀ ਨੇ ਏਸ਼ਿਆਈ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਦਾ ਤਮਗਾ

ਜਿੰਜੂ/ਕੋਰੀਆ (ਭਾਸ਼ਾ)- ਭਾਰਤੀ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ ਸ਼ਨੀਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਔਰਤਾਂ ਦੇ 55 ਕਿਲੋਗ੍ਰਾਮ ਭਾਰ ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਮਗਾ ਜੇਤੂ ਬਿੰਦਿਆਰਾਣੀ ਨੇ ਕੁੱਲ 194 ਕਿਲੋਗ੍ਰਾਮ (83 ਕਿਲੋਗ੍ਰਾਮ + 111 ਕਿਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ 55 ਕਿਲੋਗ੍ਰਾਮ ਭਾਰ ਵਰਗ ਹਾਲਾਂਕਿ ਓਲੰਪਿਕ ਵਿੱਚ ਸ਼ਾਮਲ ਨਹੀਂ ਹੈ। ਬਿੰਦਿਆਰਾਣੀ ਨੇ ਸਨੈਚ ਵਿੱਚ ਆਪਣੇ ਪਹਿਲੇ ਦੋ ਯਤਨਾਂ ਵਿੱਚ 80 ਕਿਲੋਗ੍ਰਾਮ ਅਤੇ 83 ਕਿਲੋਗ੍ਰਾਮ ਭਾਰ ਚੁੱਕਿਆ।

ਇਸ ਤੋਂ ਬਾਅਦ ਉਨ੍ਹਾਂ ਨੇ 85 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿੱਚ ਉਹ ਅਸਫ਼ਲ ਰਹੀ। ਇਸ ਭਾਰਤੀ ਖ਼ਿਡਾਰਨ ਨੇ ਕਲੀਨ ਐਂਡ ਜਰਕ ਵਿਚ ਇਸ ਦੀ ਪੂਰਤੀ ਕੀਤੀ ਅਤੇ ਦੂਜਾ ਸਭ ਤੋਂ ਵੱਧ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਇਸ 24 ਸਾਲਾ ਖਿਡਾਰਨ ਨੇ ਚੋਣ ਟਰਾਇਲ ਤੋਂ ਪਹਿਲਾਂ ਜ਼ਖ਼ਮੀ ਹੋ ਜਾਣ ਕਾਰਨ ਵਾਪਸ 55 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ 59 ਕਿਲੋਗ੍ਰਾਮ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਜੋ ਕਿ ਪੈਰਿਸ ਓਲੰਪਿਕ ਦਾ ਹਿੱਸਾ ਹੈ। ਬਿੰਦਿਆਰਾਣੀ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਚ 59 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲਿਆ ਸੀ, ਜਿੱਥੇ ਉਹ 25ਵੇਂ ਸਥਾਨ 'ਤੇ ਰਹੀ ਸੀ।


author

cherry

Content Editor

Related News