CWC : ਇਨ੍ਹਾਂ 5 ਕਾਰਨਾਂ ਕਰਕੇ ਭਾਰਤ ਨੇ ਸਾਹ ਰੋਕ ਦੇਣ ਵਾਲੇ ਮੈਚ ''ਚ ਅਫਗਾਨਿਸਤਾਨ ਨੂੰ ਹਰਾਇਆ
Sunday, Jun 23, 2019 - 11:05 AM (IST)

ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦੇ 28ਵੇਂ ਮੈਚ 'ਚ ਭਾਰਤ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੁਕਾਬਲੇ 'ਚ 11 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 224 ਦੌੜਾਂ ਬਣਾਈਆਂ ਪਰ ਅਫਗਾਨਿਸਤਾਨੀ ਟੀਮ ਇਹ ਛੋਟਾ ਟੀਚਾ ਹਾਸਲ ਨਾ ਕਰ ਸਕੀ ਅਤੇ 49.5 ਓਵਰ 'ਚ 213 ਦੌੜਾਂ 'ਤੇ ਢੇਰ ਹੋ ਗਈ। ਸ਼ੁੱਕਰਵਾਰ ਨੂੰ ਸ਼੍ਰੀਲੰਕਾ ਵੱਲੋਂ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤੇ ਜਾਣ ਦੇ ਬਾਅਦ ਸ਼ਨੀਵਾਰ ਨੂੰ ਅਫਗਾਨਿਸਤਾਨ ਨੇ ਵੀ ਟੀਮ ਇੰਡੀਆ ਕਾਫੀ ਪਰੇਸ਼ਾਨ ਕੀਤਾ ਅਤੇ ਆਖਰੀ ਓਵਰ ਤਕ ਮੈਚ 'ਚ ਪਕੜ ਬਣਾਈ ਰੱਖੀ। ਹਾਲਾਂਕਿ ਮੁਹੰਮਦ ਸ਼ਮੀ ਦੀ ਹੈਟ੍ਰਿਕ ਅਤੇ ਬੁਮਰਾਹ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਮੈਚ 'ਚ ਜਿੱਤ ਹਾਸਲ ਕਰ ਲਈ।
ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ
ਜਦੋਂ ਸਕੋਰ ਛੋਟਾ ਹੋਵੇ ਤਾਂ ਕਿਸੇ ਵੀ ਟੀਮ ਨੂੰ ਜਿੱਤ ਦਿਵਾਉਣ ਦਾ ਸਾਰਾ ਭਾਰ ਉਸ ਦੇ ਗੇਂਦਬਾਜ਼ਾਂ ਦੇ ਮੋਢਿਆਂ 'ਤੇ ਹੁੰਦਾ ਹੈ ਅਤੇ ਇਹੋ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਕੀਤਾ। ਬੁਮਰਾਹ, ਸ਼ਮੀ, ਯੁਜਵੇਂਦਰ ਚਾਹਲ, ਹਾਰਦਿਕ ਪੰਡਯਾ ਨੇ ਲਗਾਤਾਰ ਵਕਫੇ 'ਤੇ ਟੀਮ ਇੰਡੀਆ ਨੂੰ ਵਿਕਟ ਦਿਵਾਏ ਜਦਕਿ ਕੁਲਦੀਪ ਯਾਦਵ ਨੂੰ ਵਿਕਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ। ਸ਼ਮੀ ਨੇ 4, ਬੁਮਰਾਹ-ਯੁਜਵੇਂਦਰ ਚਾਹਲ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟ ਲਏ।
ਡੈਥ ਓਵਰਸ 'ਚ ਕਮਾਲ ਦੀ ਗੇਂਦਬਾਜ਼ੀ
ਇਕ ਸਮੇਂ ਜਦੋਂ ਅਫਗਾਨਿਸਤਾਨ ਜਿੱਤ ਵੱਲ ਵੱਧ ਰਿਹਾ ਸੀ ਅਤੇ ਮੁਹੰਮਦ ਨਬੀ ਕ੍ਰੀਜ਼ 'ਤੇ ਮੌਜੂਦ ਸਨ ਤਾਂ ਅਜਿਹੇ ਸਮੇਂ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਖੁਦ ਨੂੰ ਸਾਬਤ ਕੀਤਾ। ਹਾਰਦਿਕ ਪੰਡਯਾ ਨੇ ਨਜੀਬੁੱਲ੍ਹਾ ਜਾਦਰਾਨ ਦਾ ਵਿਕਟ ਲੈ ਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਇਸ ਤੋਂ ਬਾਅਦ ਚਾਹਲ ਨੇ ਰਾਸ਼ਿਦ ਖਾਨ ਨੂੰ ਸਟੰਪ ਆਊਟ ਕਰਾਇਆ। ਬੁਮਰਾਹ ਨੇ ਆਪਣੀ ਯਾਰਕਸ ਨਾਲ ਨਬੀ ਨੂੰ ਦੌੜ ਬਣਾਉਣ ਨਹੀਂ ਦਿੱਤੀਆਂ। ਅੰਤ 'ਚ ਸ਼ਮੀ ਨੇ ਹੈਟ੍ਰਿਕ ਲੈ ਕੇ ਅਫਗਾਨੀ ਪਾਰੀ ਸਮੇਟ ਕੇ ਭਾਰਤ ਦੀ ਜਿੱਤ ਤੈਅ ਕੀਤੀ।
ਭਾਰਤ ਨੇ ਨਹੀਂ ਛੱਡੇ ਕੈਚ
ਅਫਗਾਨਿਸਤਾਨ ਖਿਲਾਫ ਭਾਰਤ ਦੀ ਗ੍ਰਾਊਂਡ ਫੀਲਡਿੰਗ ਇੰਨੀ ਚੰਗੀ ਨਹੀਂ ਰਹੀ ਪਰ ਟੀਮ ਨੇ ਇਕ ਵੀ ਕੈਚ ਨਹੀਂ ਛੱਡਿਆ। ਯੁਜਵੇਂਦਰ ਚਾਹਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ ਨੇ ਜ਼ਬਰਦਸਤ ਕੈਚ ਫੜੇ, ਧੋਨੀ ਨੇ ਵੀ ਸ਼ਾਨਦਾਰ ਸਟੰਪਿੰਗ ਕੀਤੀ ਅਤੇ ਇਸੇ ਵਜ੍ਹਾ ਕਰਕੇ ਭਾਰਤ ਨੂੰ ਜਿੱਤ ਮਿਲੀ।
ਧੋਨੀ ਦਾ ਤਜਰਬਾ
ਧੋਨੀ ਦਾ ਤਜਰਬਾ ਵੀ ਇਸ ਮੈਚ 'ਚ ਕੰਮ ਆਇਆ। ਮੈਚ ਦੇ ਆਖਰੀ ਦੋ ਓਵਰਾਂ 'ਚ ਐੱਮ.ਐੱਸ.ਧੋਨੀ ਨੇ ਸ਼ਮੀ ਅਤੇ ਬੁਮਰਾਹ ਦੀ ਫੀਲਡਿੰਗ ਸੈੱਟ ਕੀਤੀ। ਬੁਮਰਾਹ ਨੇ ਤਾਂ ਆਪਣਾ ਓਵਰ ਆਸਾਨੀ ਨਾਲ ਕੱਢ ਲਿਆ ਪਰ ਸ਼ਮੀ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਦੇ ਦਿੱਤਾ। ਇਸ ਤੋਂ ਬਾਅਦ ਧੋਨੀ ਦੌੜ ਕੇ ਸ਼ਮੀ ਕੋਲ ਗਏ ਅਤੇ ਲੈਂਥ ਸਮਝਾਈ, ਜਿਸ ਤੋਂ ਬਾਅਦ ਇਸ ਗੇਂਦਬਾਜ਼ ਨੇ ਹੈਟ੍ਰਿਕ ਲੈ ਕੇ ਭਾਰਤ ਦੀ ਜਿੱਤ ਤੈਅ ਕੀਤੀ।
ਵਿਰਾਟ ਦਾ ਸ਼ਾਨਦਾਰ ਅਰਧ ਸੈਂਕੜਾ
ਸਾਊਥੰਪਟਨ ਦੀ ਜਿਸ ਪਿੱਚ 'ਤੇ ਦੂਜੇ ਬੱਲੇਬਾਜ਼ਾਂ ਨੂੰ ਖੇਡਣ 'ਚ ਦਿੱਕਤ ਆਈ, ਉਸੇ ਮੈਦਾਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 63 ਗੇਂਦਾਂ 'ਤੇ 67 ਦੌੜਾਂ ਬਣਾਈਆਂ। ਵਿਰਾਟ ਨੇ 5 ਚੌਕੇ ਲਗਾਏ ਅਤੇ ਉਨ੍ਹਾਂ ਨੇ 100 ਤੋਂ ਜ਼ਿਆਦਾ ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।