IND vs WI 1st Test : ਭਾਰਤ ਦੀ ਵਿੰਡੀਜ਼ 'ਤੇ 318 ਦੌੜਾਂ ਨਾਲ ਧਮਾਕੇਦਾਰ ਜਿੱਤ

08/26/2019 1:44:13 AM

ਐਂਟੀਗਾ— ਉਪ ਕਪਤਾਨ ਅਜਿੰਕਯ ਰਹਾਨੇ (102) ਤੇ ਹਨੁਮਾ ਵਿਹਾਰੀ (93) ਦੀਆਂ ਸ਼ਾਦਨਾਰ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (7 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਆਖਰੀ ਸੈਸ਼ਨ ਵਿਚ 100 ਦੌੜਾਂ 'ਤੇ ਢੇਰ ਕਰਕੇ 318 ਦੌੜਾਂ ਦੀ ਇਤਿਹਾਕ ਜਿੱਤ ਹਾਸਲ ਕਰ ਲਈ। ਭਾਰਤ ਨੇ ਦੂਜੇ ਸੈਸ਼ਨ 'ਚ ਆਪਣੀ ਪਾਰੀ 7 ਵਿਕਟਾਂ 'ਤੇ 343 ਦੌੜਾਂ ਬਣਾ ਕੇ ਖਤਮ ਐਲਾਨ ਕਰਕੇ ਮੇਜ਼ਬਾਨ ਟੀਮ ਸਾਹਮਣੇ 419 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਵਿੰਡੀਜ਼ ਦੀ ਟੀਮ ਚਾਹ ਦੀ ਬ੍ਰੇਕ ਤਕ ਆਪਣੀਆਂ 5 ਵਿਕਟਾਂ ਸਿਰਫ 15 ਦੌੜਾਂ 'ਤੇ ਗੁਆਉਣ ਤੋਂ ਬਾਅਦ ਉੱਭਰ ਨਹੀਂ ਸਕੀ ਤੇ ਚਾਹ ਦੀ ਬ੍ਰੇਕ ਤੋਂ ਬਾਅਦ 26.5 ਓਵਰਾਂ ਵਿਚ 100 ਦੌੜਾਂ 'ਤੇ ਢੇਰ ਹੋ ਗਈ।

PunjabKesari
ਬੁਮਰਾਹ ਨੇ 8 ਓਵਰਾਂ ਵਿਚ ਸਿਰਫ 7 ਦੌੜਾਂ ਦੇ ਕੇ 5 ਵਿਕਟਾਂ ਲਈਆਂ ਤੇ ਦੱਖਣੀ ਅਫਰੀਕਾ, ਇੰਗਲੈਂਡ ਤੇ ਆਸਟਰੇਲੀਆ ਤੋਂ ਬਾਅਦ ਵੈਸਟਇੰਡੀਜ਼ ਦੇ ਆਪਣੇ ਪਹਿਲੇ ਦੌਰੇ ਵਿਚ ਇਕ ਪਾਰੀ ਵਿਚ 5 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ਵਿਚ 5 ਵਿਕਟਾਂ ਲੈਣ ਵਾਲੇ ਇਸ਼ਾਂਤ ਸ਼ਰਮਾ ਨੇ 31 ਦੌੜਾਂ 'ਤੇ 3 ਵਿਕਟਾਂ ਤੇ ਮੁਹੰਮਦ ਸੰਮੀ ਨੇ 13 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। 

PunjabKesari
ਇਸ ਤੋਂ ਪਹਿਲਾਂ ਅਜਿੰਕਯ ਰਹਾਨੇ ਨੇ ਆਪਣੇ ਕਰੀਅਰ ਦਾ 10ਵਾਂ ਸੈਂਕੜਾ ਬਣਾਇਆ ਜਦਕਿ ਹਨੁਮਾ ਵਿਹਾਰੀ ਸਿਰਫ 7 ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ ਪਰ ਇਨ੍ਹਾਂ ਦੋਵਾਂ ਦੀਆਂ ਸ਼ਾਨਦਾਰ ਪਾਰੀਆਂ ਨਾਲ ਭਾਰਤ ਨੇ ਵੈਸਟਇੰਡੀਜ਼ ਸਾਹਮਣੇ 419 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ। ਭਾਰਤ ਨੇ ਚੌਥੇ ਦਿਨ ਲੰਚ ਦੇ ਇਕ ਘੰਟੇ ਬਾਅਦ ਆਪਣੀ ਦੂਜੀ ਪਾਰੀ 7 ਵਿਕਟਾਂ 'ਤੇ 343 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਰਹਾਨੇ ਨੇ 102 ਦੌੜਾਂ ਬਣਾਈਆਂ, ਜਿਹੜਾ ਉਸਦਾ ਪਿਛਲੇ ਇਕ ਸਾਲ ਵਿਚ ਪਹਿਲਾ ਸੈਂਕੜਾ ਹੈ। ਵਿਹਾਰੀ 93 ਦੌੜਾਂ ਬਣਾ ਕੇ ਆਊਟ ਹੋਇਆ। ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 135 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਹਾਰੀ ਦੇ ਆਊਟ ਹੁੰਦੇ ਹੀ ਕੋਹਲੀ ਨੇ ਪਾਰੀ ਖਤਮ ਐਲਾਨ ਕਰ ਦਿੱਤੀ। ਭਾਰਤ ਨੇ ਪਹਿਲੀ ਪਾਰੀ ਵਿਚ 297 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ 222 ਦੌੜਾਂ 'ਤੇ ਆਊਟ ਕਰ ਦਿੱਤਾ ਸੀ।

PunjabKesari
ਭਾਰਤ ਨੇ ਸਵੇਰੇ ਸ਼ੁਰੂ ਵਿਚ ਹੀ ਵਿਰਾਟ ਕੋਹਲੀ ਦੀ ਵਿਕਟ ਗੁਆ ਦਿੱਤੀ ਸੀ ਪਰ ਇਸ ਤੋਂ ਬਾਅਦ ਰਹਾਨੇ ਤੇ ਵਿਹਾਰੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰਹਾਨੇ ਨੇ ਆਪਣੇ ਸੈਂਕੜੇ ਵਾਲੀ ਪਾਰੀ ਵਿਚ 242 ਗੇਂਦਾਂ ਖੇਡੀਆਂ ਤੇ 5 ਚੌਕੇ ਲਾਏ। ਕੋਹਲੀ ਨੇ ਤਦ ਪਾਰੀ ਖਤਮ ਐਲਾਨ ਨਹੀਂ ਕੀਤਾ ਕਿਉਂਕਿ ਵਿਹਾਰੀ 80 ਦੌੜਾਂ 'ਤੇ ਖੇਡ ਰਿਹਾ ਸੀ। ਰਹਾਨੇ ਦੀ ਜਗ੍ਹਾ ਲੈਣ ਲਈ ਉਤਰਿਆ ਰਿਸ਼ਭ ਪੰਤ (7) ਫਿਰ ਤੋਂ ਅਸਫਲ ਰਿਹਾ। ਹੋਲਡਰ ਦੇ ਅਗਲੇ ਓਵਰ ਵਿਚ ਵਿਹਾਰੀ 'ਨਵਰਸ ਨਾਈਨਟੀਜ਼'ਦਾ ਸ਼ਿਕਾਰ ਬਣ ਗਿਆ। ਗੇਂਦ ਉਸਦੇ ਬੱਲੇ ਦਾ ਹਲਕਾ ਜਿਹਾ ਕਿਨਾਰਾ ਲੈ ਕੇ ਵਿਕਟਕੀਪਰ ਸ਼ਾਈ ਹੋਪ ਦੇ ਦਸਤਾਨਿਆਂ ਵਿਚ ਪਹੁੰਚ ਗਈ। ਵਿਹਾਰੀ ਨਿਰਾਸ਼ ਸੀ ਪਰ ਉਸ ਨੇ ਇਕ ਬਿਹਤਰੀਨ ਪਾਰੀ ਖੇਡੀ। ਇਹ ਉਸਦੇ ਕਰੀਅਰ ਦਾ ਸਰਵਉੱਚ ਸਕੋਰ ਹੈ, ਜਿਸਦੇ ਲਈ ਉਸ ਨੇ 128 ਗੇਂਦਾਂ ਖੇਡੀਆਂ ਤੇ 10 ਚੌਕੇ ਤੇ 1 ਛੱਕਾ ਲਾਇਆ। ਰਵਿੰਦਰ ਜਡੇਜਾ ਇਕ ਦੌੜ ਬਣਾ ਕੇ ਅਜੇਤੂ ਰਿਹਾ।


Gurdeep Singh

Content Editor

Related News