IND vs WI : ਭਾਰਤ ਨੇ ਵਿੰਡੀਜ਼ ਨੂੰ ਦਿੱਤਾ 468 ਦੌੜਾਂ ਦਾ ਪਹਾੜ ਵਰਗਾ ਟੀਚਾ
Monday, Sep 02, 2019 - 04:01 AM (IST)
ਕਿੰਗਸਟਨ— ਚੋਟੀਕ੍ਰਮ ਦੇ ਫਲਾਪ ਹੋਣ ਤੋਂ ਬਾਅਦ ਉਪ ਕਪਤਾਨ ਅਜਿੰਕਯ ਰਹਾਨੇ ਤੇ ਹਨੁਮਾ ਵਿਹਾਰੀ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਭਾਰਤੀ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਚਾਹ ਦੀ ਬ੍ਰੇਕ ਤੋਂ ਬਾਅਦ 4 ਵਿਕਟਾਂ ’ਤੇ 168 ਦੌੜਾਂ ਬਣਾ ਕੇ ਆਪਣੀ ਦੂਜੀ ਪਾਰੀ ਖਤਮ ਐਲਾਨ ਕਰ ਦਿੱਤੀ। ਪਹਿਲੀ ਪਾਰੀ ਵਿਚ 416 ਦੌੜਾਂ ਬਣਾਉਣ ਵਾਲੇ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 299 ਦੌੜਾਂ ਦੀ ਬੜ੍ਹਤ ਹਾਸਲ ਹੋਈ ਸੀ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੇਜ਼ਬਾਨ ਟੀਮ ਨੂੰ ਫਾਲੋਆਨ ਨਹੀਂ ਦਿੱਤਾ ਤੇ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 468 ਦੌੜਾਂ ਦਾ ਪਹਾੜ ਵਰਗਾ ਟੀਚਾ ਦਿੱਤਾ। ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਵੈਸਟਇੰਡੀਜ਼ ਨੇ ਦੂਜੀ ਪਾਰੀ ’ਚ 13 ਓਵਰਾਂ ’ਚ 2 ਵਿਕਟਾਂ ’ਤੇ 45 ਦੌੜਾਂ ਬਣਾ ਲਈਆਂ ਸਨ। ਭਾਰਤ ਨੂੰ ਹੁਣ ਜਿੱਤ ਦੇ ਲਈ 8 ਵਿਕਟਾਂ ਦੀ ਜ਼ਰੂਤ ਹੈ ਤੇ ਵਿੰਡੀਜ਼ ਨੂੰ 423 ਦੌੜਾਂ ਦੀ ਜ਼ਰੂਰ ਹੈ। ਭਾਰਤ ਨੇ ਟੈਸਟ ਸੀਰੀਜ਼ ’ਚ 1-0 ਨਾਲ ਬੜ੍ਹਤ ਬਣਾਈ ਹੋਈ ਹੈ।

ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਕੇਮਰ ਰੋਚ ਨੇ ਦੂਜੀ ਪਾਰੀ ਵਿਚ ਭਾਰਤ ਨੂੰ ਸ਼ੁਰੂਆਤੀ ਝਟਕੇ ਦਿੰਦੇ ਹੋਏ ਮਹਿਮਾਨ ਟੀਮ ਦਾ ਸਕੋਰ ਇਕ ਸਮੇਂ 4 ਵਿਕਟਾਂ ’ਤੇ 57 ਦੌੜਾਂ ਕਰ ਦਿੱਤਾ ਸੀ ਪਰ ਰਹਾਨੇ ਤੇ ਵਿਹਾਰੀ ਨੇ 5ਵÄ ਵਿਕਟ ਲਈ 111 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।

ਰਹਾਨੇ ਨੇ 109 ਗੇਂਦਾਂ ’ਤੇ 64 ਦੌੜਾਂ ਦੀ ਪਾਰੀ ਵਿਚ 8 ਚੌਕੇ ਤੇ 1 ਛੱਕਾ ਲਾਇਆ, ਉਥੇ ਹੀ ਪਹਿਲੀ ਪਾਰੀ ਵਿਚ ਕਰੀਅਰ ਦਾ ਪਹਿਲਾ ਸੈਂਕੜਾ ਲਾਉਣ ਵਾਲੇ ਹਨੁਮਾ ਵਿਹਾਰੀ ਨੇ 76 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 53 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਦਿਨ ਦੀ ਸ਼ੁਰੂਆਤ 7 ਵਿਕਟਾਂ ’ਤੇ 87 ਦੌੜਾਂ ਤੋਂ ਕੀਤੀ ਤੇ ਭਾਰਤ ਨੇ 75 ਮਿੰਟ ਵਿਚ 14.1 ਓਵਰਾਂ ਵਿਚ ਮੇਜ਼ਬਾਨ ਟੀਮ ਦੀਆਂ ਬਾਕੀ ਦੇ ਤਿੰਨ ਬੱਲੇਬਾਜ਼ਾਂ ਨੂੰ ਵੀ ਆਊਟ ਕਰ ਦਿੱਤਾ। ਵੈਸਟਇੰਡੀਜ਼ ਨੇ ਇਸ ਦੌਰਾਨ 30 ਦੌੜਾਂ ਜੋੜੀਆਂ ਤੇ ਸਕੋਰ 117 ਦੌੜਾਂ ਤਕ ਪਹੁੰਚਾਇਆ।

ਜਸਪ੍ਰੀਤ ਬੁਮਰਾਹ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 27 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਪਰ ਅੱਜ ਉਸ ਨੂੰ ਇਕ ਵੀ ਸਫਲਤਾ ਹਾਸਲ ਨਹੀਂ ਮਿਲੀ। ਮੁਹੰਮਦ ਸ਼ੰਮੀ (34 ਦੌੜਾਂ ’ਤੇ 2 ਵਿਕਟਾਂ), ਰਵਿੰਦਰ ਜਡੇਜਾ (19 ਦੌੜਾਂ ’ਤੇ 1 ਵਿਕਟ) ਤੇ ਇਸ਼ਾਂਤ ਸ਼ਰਮਾ (24 ਦੌੜਾਂ ’ਤੇ 1 ਵਿਕਟ) ਨੇ ਸਵੇਰੇ ਇਕ-ਇਕ ਵਿਕਟ ਹਾਸਲ ਕੀਤੀ।
