IND vs SL: ਭਾਰਤ ਨੇ ਜਿੱਤੀ ਲਗਾਤਾਰ ਨੌਵੀਂ ਸੀਰੀਜ਼, ਵਿਸ਼ਵ ਰਿਕਾਰਡ ਬਰਾਬਰ

12/07/2017 8:42:13 AM

ਨਵੀਂ ਦਿੱਲੀ, (ਬਿਊਰੋ)— ਸ਼੍ਰੀਲੰਕਾ ਨੇ ਧਨੰਜਯ ਡਿਸਿਲਵਾ (119 ਰਿਟਾਇਰਡ ਹਰਟ) ਦੀ ਮੁਸ਼ਕਿਲ ਹਾਲਾਤ 'ਚ ਖੇਡੀ ਗਈ ਬੇਹੱਦ ਸੰਘਰਸ਼ਪੂਰਨ ਪਾਰੀ ਦੇ ਦਮ 'ਤੇ ਭਾਰਤ ਖਿਲਾਫ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਨੂੰ ਬੁੱਧਵਾਰ ਇਥੇ ਡਰਾਅ ਕਰਾ ਲਿਆ, ਜਦਕਿ ਵਿਸ਼ਵ ਦੀ ਨੰਬਰ 1 ਟੀਮ ਭਾਰਤ ਨੇ ਲਗਾਤਾਰ 9ਵੀਂ ਟੈਸਟ ਸੀਰੀਜ਼ ਜਿੱਤਣ ਦੇ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ। ਭਾਰਤ ਨੇ 3 ਮੈਚਾਂ ਦੀ ਇਹ ਸੀਰੀਜ਼ 1-0 ਨਾਲ ਜਿੱਤੀ।
ਕੋਲਕਾਤਾ 'ਚ ਪਹਿਲਾ ਅਤੇ ਦਿੱਲੀ 'ਚ ਤੀਜਾ ਟੈਸਟ ਡਰਾਅ ਰਿਹਾ, ਜਦਕਿ ਭਾਰਤ ਨੇ ਨਾਗਪੁਰ 'ਚ ਦੂਜਾ ਟੈਸਟ ਪਾਰੀ ਅਤੇ 239 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਇਸ ਦੇ ਨਾਲ ਹੀ ਲਗਾਤਾਰ 9ਵੀਂ ਟੈਸਟ ਸੀਰੀਜ਼ ਜਿੱਤ ਲਈ ਅਤੇ ਆਸਟ੍ਰੇਲੀਆ ਦੇ 2005 ਤੋਂ 2008 ਤਕ ਲਗਾਤਾਰ 9 ਸੀਰੀਜ਼ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕਰ ਲਈ। 
ਭਾਰਤ ਦਾ ਇਹ ਸਫਰ 2015 ਵਿਚ ਸ਼੍ਰੀਲੰਕਾ ਨੂੰ ਉਸੇ ਦੀ ਜ਼ਮੀਨ 'ਤੇ 2-1 ਨਾਲ ਸੀਰੀਜ਼ ਹਰਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ। ਭਾਰਤ ਨੇ ਉਸ ਤੋਂ ਬਾਅਦ ਦੱਖਣੀ ਅਫਰੀਕਾ ਨੂੰ 3-0 ਨਾਲ, ਵੈਸਟਇੰਡੀਜ਼ ਨੂੰ 4-0, ਬੰਗਲਾਦੇਸ਼ ਨੂੰ 1-0, ਆਸਟ੍ਰੇਲੀਆ ਨੂੰ 2-1 ਅਤੇ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ। ਭਾਰਤ ਨੇ ਆਪਣੀ ਮੌਜੂਦਾ ਸੀਰੀਜ਼ 1-0 ਨਾਲ ਜਿੱਤੀ। ਭਾਰਤ ਕੋਲ ਹੁਣ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੱਖਣੀ ਅਫਰੀਕਾ ਦੇ ਮੁਸ਼ਕਿਲ ਦੌਰੇ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। 
ਭਾਰਤ ਨੇ ਸ਼੍ਰੀਲੰਕਾ ਸਾਹਮਣੇ 410 ਦੌੜਾਂ ਦਾ ਟੀਚਾ ਰੱਖਿਆ ਸੀ। ਸ਼੍ਰੀਲੰਕਾ ਨੇ ਕੱਲ ਦੀਆਂ 3 ਵਿਕਟਾਂ 'ਤੇ 31 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਪੂਰੇ ਦਿਨ 'ਚ ਸ਼ਲਾਘਾਯੋਗ ਸੰਘਰਸ਼ ਕਰਦਿਆਂ ਡਿਸਿਲਵਾ ਨੇ ਤੀਸਰੇ ਟੈਸਟ ਸੈਂਕੜੇ ਦੇ ਦਮ 'ਤੇ ਮੈਚ ਡਰਾਅ ਕਰਵਾ ਦਿੱਤਾ। ਸ਼੍ਰੀਲੰਕਾ ਨੇ ਮੈਚ ਡਰਾਅ ਖਤਮ ਹੋਣ ਤਕ 103 ਓਵਰਾਂ 'ਚ 5 ਵਿਕਟਾਂ 'ਤੇ 299 ਦੌੜਾਂ ਬਣਾਈਆਂ।
ਕੱਲ ਸ਼੍ਰੀਲੰਕਾ ਦੀਆਂ 3 ਵਿਕਟਾਂ ਜਲਦੀ ਕੱਢਣ ਵਾਲੇ ਭਾਰਤੀ ਗੇਂਦਬਾਜ਼ਾਂ ਨੂੰ ਆਖਰੀ ਦਿਨ ਨਿਰਾਸ਼ ਹੋਣਾ ਪਿਆ। ਪੂਰੇ ਦਿਨ 'ਚ ਉਹ ਸਿਰਫ 2 ਵਿਕਟਾਂ ਹੀ ਕੱਢ ਸਕੇ। ਅਜੇਤੂ ਬੱਲੇਬਾਜ਼ ਐਂਜਲੋ ਮੈਥਿਊਜ਼ ਨੂੰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਆਊਟ ਕੀਤਾ, ਜਦਕਿ ਚਾਂਦੀਮਲ ਨੂੰ ਅਸ਼ਵਿਨ ਨੇ ਬੋਲਡ ਕੀਤਾ। ਭਾਰਤ ਨੇ ਚਾਹ ਤੋਂ ਠੀਕ ਪਹਿਲਾਂ 81ਵੇਂ ਓਵਰ 'ਚ ਦੂਸਰੀ ਨਵੀਂ ਗੇਂਦ ਲਈ ਪਰ ਉਸ ਦਾ ਸ਼੍ਰੀਲੰਕਾਈ ਬੱਲੇਬਾਜ਼ਾਂ ਰੌਸ਼ਨ ਸਿਲਵਾ ਅਤੇ ਨਿਰੋਸ਼ਨ ਡਿਕਵੇਲਾ 'ਤੇ ਕੋਈ ਅਸਰ ਨਹੀਂ ਹੋਇਆ।
ਆਪਣਾ ਪਹਿਲਾ ਟੈਸਟ ਖੇਡ ਰਹੇ ਰੌਸ਼ਨ ਸਿਲਵਾ ਨੇ ਪਹਿਲੀ ਪਾਰੀ 'ਚ ਖਾਤਾ ਨਾ ਖੋਲ੍ਹ ਸਕਣ ਦਾ ਘਾਟਾ ਪੂਰਾ ਕਰਦੇ ਹੋਏ ਦੂਸਰੀ ਪਾਰੀ ਵਿਚ ਅਰਧ-ਸੈਂਕੜਾ ਬਣਾਇਆ। ਉਹ ਪਹਿਲੇ ਮੈਚ ਵਿਚ ਜ਼ੀਰੋ ਅਤੇ ਅਰਧ-ਸੈਂਕੜਾ ਬਣਾਉਣ ਵਾਲਾ ਚੌਥਾ ਖਿਡਾਰੀ ਬਣਿਆ। ਸ਼੍ਰ੍ਰੀਲੰਕਾ ਨੇ ਸਵੇਰੇ 3 ਵਿਕਟਾਂ 'ਤੇ 31 ਦੌੜਾਂ ਤੋਂ ਅੱਗੇ ਖੇਡਦੇ ਹੋਏ ਲੰਚ ਤਕ ਆਪਣੇ ਸਕੋਰ 4 ਵਿਕਟਾਂ 'ਤੇ 119 ਦੌੜਾਂ, ਚਾਹ ਤਕ 5 ਵਿਕਟਾਂ 'ਤੇ 266 ਦੌੜਾਂ ਅਤੇ ਮੈਚ ਖਤਮ ਹੋਣ ਤਕ 5 ਵਿਕਟਾਂ 'ਤੇ 299 ਦੌੜਾਂ 'ਤੇ ਪਹੁੰਚਾਇਆ।  ਇਸ ਮੈਚ ਦੇ ਡਰਾਅ ਰਹਿਣ ਨਾਲ ਭਾਰਤ ਦਾ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਪਿਛਲੇ 30 ਸਾਲਾਂ ਦਾ ਅਜੇਤੂ ਅਭਿਆਨ ਬਰਕਰਾਰ ਰਿਹਾ। ਕੋਟਲਾ ਦੀ ਪਿੱਚ 'ਤੇ ਉਸ ਤਰ੍ਹਾਂ ਦਾ ਮੁਕਾਬਲਾ ਦੇਖਣ ਨੂੰ ਨਹੀਂ ਮਿਲਿਆ, ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ।
ਭਾਰਤ ਨੇ ਸਵੇਰ ਦੇ ਸੈਸ਼ਨ 'ਚ ਮੈਥਿਊਜ਼ ਨੂੰ ਅਜਿੰਕਯ ਰਹਾਨੇ ਹੱਥੋਂ ਕੈਚ ਕਰਵਾ ਕੇ ਜਲਦ ਆਊਟ ਕਰ ਦਿੱਤਾ। ਸ਼੍ਰੀਲੰਕਾ ਦੀ ਚੌਥੀ ਵਿਕਟ 35 ਦੇ ਸਕੋਰ 'ਤੇ ਡਿਗੀ। ਹਾਲਾਂਕਿ ਇਸ ਤੋਂ ਬਾਅਦ ਪਤਾ ਲੱਗਾ ਕਿ ਇਹ ਗੇਂਦ ਨੋ ਬਾਲ ਸੀ, ਜਿਸ ਨੂੰ ਅੰਪਾਇਰ ਨੇ ਨਹੀਂ ਦੇਖਿਆ। ਅੰਪਾਇਰ ਨੇ ਫਿਰ ਇਸ ਗਲਤੀ ਦਾ ਸੁਧਾਰ, ਜਿਵੇਂ 44ਵੇਂ ਓਵਰ ਵਿਚ ਕੀਤਾ, ਜਦੋਂ ਜਡੇਜਾ ਨੇ ਚੌਥੀ ਗੇਂਦ 'ਤੇ ਚਾਂਦੀਮਲ ਨੂੰ ਬੋਲਡ ਕਰ ਦਿੱਤਾ ਸੀ ਪਰ ਅੰਪਾਇਰ ਨੇ ਨੋ ਬਾਲ ਚੈੱਕ ਕੀਤੀ ਅਤੇ ਗੇਂਦ ਨੋ ਬਾਲ ਨਿਕਲੀ। 
ਲੰਚ ਤੋਂ ਬਾਅਦ ਅਸ਼ਵਿਨ ਨੇ ਚਾਂਦੀਮਲ ਨੂੰ ਬੋਲਡ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਚਾਂਦੀਮਲ ਨੇ 90 ਗੇਂਦਾਂ 'ਤੇ 36 ਦੌੜਾਂ ਵਿਚ 2 ਚੌਕੇ ਲਾਏ। ਸ਼੍ਰੀਲੰਕਾ ਦੀ 5ਵੀਂ ਵਿਕਟ 147 ਦੇ ਸਕੋਰ 'ਤੇ ਡਿਗੀ। ਇਸ ਸਮੇਂ ਭਾਰਤ ਨੂੰ ਜਿੱਤ ਦੀ ਉਮੀਦ ਦਿਖਾਈ ਦੇਣ ਲੱਗੀ ਸੀ ਪਰ ਡਿਸਿਲਵਾ ਦੇ ਸੰਘਰਸ਼ ਨੇ ਭਾਰਤੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਡਿਸਿਲਵਾ ਨੇ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ, ਜਿਸ ਦੀ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਵੀ ਸ਼ਲਾਘਾ ਕੀਤੀ। ਪਿਛਲੇ 10 ਸਾਲਾਂ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਸ਼੍ਰੀਲੰਕਾਈ ਬੱਲੇਬਾਜ਼ ਨੇ ਬਾਹਰੀ ਟੈਸਟ ਦੀ ਚੌਥੀ ਪਾਰੀ 'ਚ ਸੈਂਕੜਾ ਬਣਾਇਆ ਹੈ। ਇਸ ਤੋਂ ਪਹਿਲਾਂ 2007 'ਚ ਕੁਮਾਰ ਸੰਗਾਕਾਰਾ ਨੇ ਹੋਬਾਰਟ 'ਚ 192 ਦੌੜਾਂ ਬਣਾਈਆਂ ਸਨ। 
ਭਾਰਤੀ ਗੇਂਦਬਾਜ਼ਾਂ 'ਚ ਜਡੇਜਾ 38 ਓਵਰਾਂ 'ਚ 81 ਦੌੜਾਂ 'ਤੇ 3 ਵਿਕਟਾਂ ਲੈ ਕੇ ਸਭ ਤੋਂ ਸਫਲ ਰਿਹਾ। ਮੁਹੰਮਦ ਸ਼ੰਮੀ ਨੂੰ 15 ਓਵਰਾਂ ਵਿਚ 50 ਦੌੜਾਂ 'ਤੇ 1 ਵਿਕਟ ਅਤੇ ਅਸ਼ਵਿਨ ਨੂੰ 35 ਓਵਰਾਂ 'ਚ 126 ਦੌੜਾਂ 'ਤੇ 1 ਵਿਕਟ ਮਿਲੀ।


Related News