IND vs PAK: ਵਿਰਾਟ ਕੋਹਲੀ ਨੇ ਆਖਰੀ ਪਲਾਂ 'ਚ ਪਲਟ ਦਿੱਤਾ ਮੈਚ ਦਾ ਰੁਖ਼, ਇਹ ਹਨ ਜਿੱਤ ਦੇ 3 ਕਾਰਨ
Sunday, Oct 23, 2022 - 06:35 PM (IST)
ਸਪੋਰਟਸ ਡੈਸਕ— ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੁਪਰ 12 ਮੁਕਾਬਲੇ 'ਚ ਭਾਰਤ ਨੇ ਆਖਰੀ ਪਲਾਂ 'ਚ ਪਾਕਿਸਤਾਨ ਖਿਲਾਫ ਰੋਮਾਂਚਕ ਜਿੱਤ ਦਰਜ ਕੀਤੀ। 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਆਖਰੀ ਓਵਰ 'ਚ ਜਿੱਤ ਲਈ 16 ਦੌੜਾਂ ਦੀ ਲੋੜ ਸੀ, ਜਿਸ ਨੂੰ ਵਿਰਾਟ ਕੋਹਲੀ ਨੇ ਪੂਰਾ ਕਰ ਕੇ ਟੀਮ ਨੂੰ ਜਿੱਤ ਦਿਵਾਈ। ਹਾਲਾਂਕਿ, ਇੱਕ ਸਮਾਂ ਅਜਿਹਾ ਵੀ ਸੀ ਜਦੋਂ ਭਾਰਤ ਹਾਰ ਵੱਲ ਵਧਦਾ ਨਜ਼ਰ ਆ ਰਿਹਾ ਸੀ, ਪਰ ਅੰਤ ਵਿੱਚ ਸਭ ਕੁਝ ਭਾਰਤ ਦੇ ਹੱਕ ਵਿੱਚ ਹੁੰਦਾ ਨਜ਼ਰ ਆਇਆ। ਆਓ ਜਾਣਦੇ ਹਾਂ ਭਾਰਤ ਦੀ ਰੋਮਾਂਚਕ ਜਿੱਤ ਦੇ ਪਿੱਛੇ 3 ਕਾਰਨ-
ਕੋਹਲੀ ਦੀ ਧਮਾਕੇਦਾਰ ਪਾਰੀ
ਵਿਰਾਟ ਕੋਹਲੀ ਨੇ ਜਿੱਤ 'ਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਕੋਹਲੀ ਨੇ 53 ਗੇਂਦਾਂ 'ਤੇ 82 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ 'ਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਇੱਕ ਸਮੇਂ ਭਾਰਤ ਦੀਆਂ 31 ਦੌੜਾਂ ਦੇ ਸਕੋਰ 'ਤੇ 4 ਵਿਕਟਾਂ ਡਿੱਗ ਗਈਆਂ ਸਨ ਪਰ ਕੋਹਲੀ ਨੇ ਹਾਰਦਿਕ ਪੰਡਯਾ ਦੇ ਨਾਲ ਮਿਲ ਕੇ ਲੀਡ ਸੰਭਾਲੀ। ਉਸ ਨੇ 5ਵੀਂ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵਾਪਸੀ ਦਿਵਾਈ। ਹਾਰਦਿਕ ਨੇ 37 ਗੇਂਦਾਂ ਵਿੱਚ 40 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦਾ ਸਿਨੇਮਾਘਰਾਂ 'ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ
ਭਾਰਤ ਦੀ ਸ਼ਾਨਦਾਰ ਤੇਜ਼ ਗੇਂਦਬਾਜ਼ੀ
ਪਾਕਿਸਤਾਨ ਜਦੋਂ ਬੱਲੇਬਾਜ਼ੀ ਲਈ ਉਤਰਿਆ ਤਾਂ ਉਸ ਦੇ ਕਪਤਾਨ ਬਾਬਰ ਆਜ਼ਮ (0) ਅਤੇ ਮੁਹੰਮਦ ਰਿਜ਼ਵਾਨ (4) ਨੂੰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸਸਤੇ ਵਿਚ ਆਊਟ ਕਰਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਜੇਕਰ ਇਨ੍ਹਾਂ ਦੋ ਬੱਲੇਬਾਜ਼ਾਂ ਵਿੱਚੋਂ ਇੱਕ ਵੀ ਬਚ ਜਾਂਦਾ ਤਾਂ ਸਕੋਰ ਵੱਧ ਹੋ ਸਕਦਾ ਸੀ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਪਾਕਿਸਤਾਨ ਦੀ ਟੀਮ 159 ਦੌੜਾਂ ਹੀ ਬਣਾ ਸਕੀ। ਅਰਸ਼ਦੀਪ ਨੇ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਹਾਰਦਿਕ ਪੰਡਯਾ ਨੇ ਵੀ 3 ਵਿਕਟਾਂ ਲਈਆਂ।
ਮੁਹੰਮਦ ਨਵਾਜ਼ ਦੀ ਖਰਾਬ ਗੇਂਦਬਾਜ਼ੀ
ਪਾਕਿਸਤਾਨ ਨੂੰ ਆਖਰੀ ਓਵਰ ਵਿੱਚ ਜਿੱਤ ਲਈ 16 ਦੌੜਾਂ ਦੀ ਲੋੜ ਸੀ। ਹਾਰਦਿਕ ਪੰਡਯਾ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ। ਅਜਿਹਾ ਲੱਗ ਰਿਹਾ ਸੀ ਕਿ ਮੈਚ ਖਤਮ ਹੋ ਗਿਆ ਹੈ ਪਰ ਮੁਹੰਮਦ ਨਵਾਜ਼ ਦੀ ਖਰਾਬ ਗੇਂਦਬਾਜ਼ੀ ਨੇ ਭਾਰਤ ਲਈ ਜਿੱਤ ਆਸਾਨ ਕਰ ਦਿੱਤੀ। ਨਵਾਜ਼ ਨੇ ਦੂਜੀ ਗੇਂਦ 'ਤੇ 2 ਦੌੜਾਂ ਲਈਆਂ ਪਰ ਤੀਜੀ ਗੇਂਦ ਨੋ ਬਾਲ ਸੀ, ਜਿਸ 'ਤੇ ਕੋਹਲੀ ਨੇ ਛੱਕਾ ਜੜ ਕੇ ਮੈਚ ਦਾ ਰੁਖ ਹੀ ਬਦਲ ਦਿੱਤਾ। ਨਵਾਜ਼ ਨੇ 2 ਵਿਕਟਾਂ ਜ਼ਰੂਰ ਲਈਆਂ, ਪਰ ਉਸ ਨੇ ਸਭ ਤੋਂ ਵੱਧ 42 ਦੌੜਾਂ ਵੀ ਲੁੱਟੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।