SAFF Championship : ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਕਪਤਾਨ ਛੇਤਰੀ ਨੇ ਬਣਾਈ ਹੈਟ੍ਰਿਕ

Wednesday, Jun 21, 2023 - 10:42 PM (IST)

SAFF Championship : ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਕਪਤਾਨ ਛੇਤਰੀ ਨੇ ਬਣਾਈ ਹੈਟ੍ਰਿਕ

ਸਪੋਰਟਸ ਡੈਸਕ : ਭਾਰਤੀ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 'ਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। ਇਸ ਨੇ ਬੁੱਧਵਾਰ (21 ਜੂਨ) ਨੂੰ ਬੈਂਗਲੁਰੂ ਦੇ ਸ਼੍ਰੀਕਾਂਤੀਰਾਵਾ ਸਟੇਡੀਅਮ 'ਚ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਭਾਰਤ ਲਈ ਇਸ ਮੈਚ ਦੇ ਹੀਰੋ ਰਹੇ ਕਪਤਾਨ ਸੁਨੀਲ ਛੇਤਰੀ, ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਖ਼ਿਲਾਫ਼ ਗੋਲ਼ਾਂ ਦੀ ਹੈਟ੍ਰਿਕ ਬਣਾਈ। ਉਸ ਤੋਂ ਇਲਾਵਾ ਉਦੰਤ ਸਿੰਘ ਨੇ ਇਕ ਗੋਲ਼ ਕੀਤਾ।

ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਪਾਕਿਸਤਾਨ 'ਤੇ ਦਬਾਅ ਬਣਾਈ ਰੱਖਿਆ। ਉਸ ਨੇ ਪਹਿਲੇ ਹਾਫ ਵਿੱਚ ਹੀ 2 ਗੋਲ਼ ਕਰ ਦਿੱਤੇ। ਭਾਰਤੀ ਕਪਤਾਨ ਸੁਨੀਲ ਛੇਤਰੀ ਨੇ 10ਵੇਂ ਮਿੰਟ ਵਿੱਚ ਪਹਿਲਾ ਗੋਲ਼ ਕੀਤਾ। ਇਸ ਤੋਂ ਬਾਅਦ ਉਸ ਨੇ 16ਵੇਂ ਮਿੰਟ 'ਚ ਪੈਨਲਟੀ 'ਤੇ ਦੂਜਾ ਗੋਲ਼ ਕੀਤਾ। ਅੱਧੇ ਸਮੇਂ ਤੱਕ ਸਕੋਰ ਭਾਰਤ ਦੇ ਹੱਕ ਵਿੱਚ 2-0 ਰਿਹਾ। ਟੀਮ ਇੰਡੀਆ ਇੰਨੇ 'ਚ ਹੀ ਨਹੀਂ ਰੁਕੀ। ਉਸ ਨੇ ਦੂਜੇ ਹਾਫ 'ਚ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ ਅਤੇ ਪਾਕਿਸਤਾਨੀ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ। ਛੇਤਰੀ ਨੇ 74ਵੇਂ ਮਿੰਟ 'ਚ ਪੈਨਲਟੀ ਨਹੀਂ ਖੁੰਝਾਈ। ਉਸ ਨੇ ਇਕ ਹੋਰ ਗੋਲ਼ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਛੇਤਰੀ ਤੋਂ ਬਾਅਦ ਉਦੰਤ ਸਿੰਘ ਨੇ 81ਵੇਂ ਮਿੰਟ 'ਚ ਗੋਲ਼ ਕਰਕੇ ਇਸ ਨੂੰ 4-0 ਕਰ ਦਿੱਤਾ।

14ਵੀਂ ਸੈਫ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਨੂੰ 2 ਗਰੁੱਪਾਂ 'ਚ ਵੰਡਿਆ ਗਿਆ ਹੈ। ਗਰੁੱਪ ਏ 'ਚ ਭਾਰਤ ਦੇ ਨਾਲ ਕੁਵੈਤ, ਨੇਪਾਲ ਅਤੇ ਪਾਕਿਸਤਾਨ ਦੀ ਟੀਮ ਵੀ ਹੈ, ਜਦੋਂ ਕਿ ਗਰੁੱਪ ਬੀ 'ਚ ਲੈਬਨਾਨ, ਮਾਲਦੀਵ, ਭੂਟਾਨ ਅਤੇ ਬੰਗਲਾਦੇਸ਼ ਹਨ। ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਫੀਫਾ ਦੀ ਸਰਵੋਤਮ ਰੈਂਕਿੰਗ ਵਾਲੀ ਟੀਮ ਹੈ। ਟੀਮ ਇੰਡੀਆ ਫੀਫਾ ਰੈਂਕਿੰਗ 'ਚ 101ਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ 'ਚ ਖੇਡਣ ਵਾਲੀਆਂ ਟੀਮਾਂ 'ਚ ਪਾਕਿਸਤਾਨ ਦੀ ਰੈਂਕਿੰਗ ਸਭ ਤੋਂ ਖਰਾਬ ਹੈ। ਫੀਫਾ ਰੈਂਕਿੰਗ 'ਚ ਪਾਕਿਸਤਾਨ 195ਵੇਂ ਸਥਾਨ 'ਤੇ ਹੈ।


author

Mukesh

Content Editor

Related News