IND vs PAK : ਅਰਸ਼ਦੀਪ ਨੇ ਪੂਰਾ ਕੀਤਾ ਮਾਪਿਆਂ ਦਾ ਸੁਫ਼ਨਾ, ਬਾਬਰ ਆਜ਼ਮ ਦੀ ਝਟਕਾਈ ਵਿਕਟ
Sunday, Oct 23, 2022 - 07:59 PM (IST)
ਸਪੋਰਟਸ ਡੈਸਕ— ਭਾਰਤ ਨੇ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਕੇ ਕੀਤੀ ਹੈ। ਭਾਰਤ ਦੀ ਇਸ ਜਿੱਤ 'ਚ ਬੱਲੇਬਾਜ਼ ਵਿਰਾਟ ਕੋਹਲੀ, ਹਾਰਦਿਕ ਪੰਡਯਾ ਤੇ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਕਰਦਿਆਂ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਈ ਤੇ ਆਪਣੇ ਪਹਿਲੇ ਹੀ ਓਵਰ ਵਿੱਚ ਬਾਬਰ ਆਜ਼ਮ ਦਾ ਵਿਕਟ ਲੈ ਕੇ ਆਪਣੇ ਮਾਤਾ-ਪਿਤਾ ਦਾ ਸੁਫ਼ਨਾ ਪੂਰਾ ਕੀਤਾ। ਇਸ ਦੇ ਨਾਲ ਹੀ ਉਸ ਨੇ ਮੁਹੰਮਦ ਰਿਜ਼ਵਾਨ ਦਾ ਵਿਕਟ ਲੈ ਕੇ ਚੌਥੇ ਓਵਰ ਵਿੱਚ ਪਾਕਿਸਤਾਨ ਦਾ ਲੱਕ ਹੀ ਭੰਨ ਦਿੱਤਾ।
ਇਹ ਵੀ ਪੜ੍ਹੋ : IND vs PAK : ਵਿਰਾਟ ਕੋਹਲੀ ਦੀ ਤੂਫਾਨੀ ਪਾਰੀ, ਭਾਰਤ ਨੇ ਪਾਕਿ ਨੂੰ 4 ਵਿਕਟਾਂ ਨਾਲ ਹਰਾਇਆ
ਕੁਝ ਦਿਨ ਪਹਿਲਾਂ ਅਰਸ਼ਦੀਪ ਦੇ ਮਾਤਾ-ਪਿਤਾ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਉਨ੍ਹਾਂ ਦਾ ਬੇਟਾ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਵਿਕਟ ਲਵੇ। ਟੀ-20 ਵਿਸ਼ਵ ਕੱਪ ਵਿੱਚ ਅੱਜ ਜਦੋਂ ਰੋਹਿਤ ਸ਼ਰਮਾ ਨੇ ਅਰਸ਼ਦੀਪ ਨੂੰ ਦੂਜਾ ਓਵਰ ਸੌਂਪਿਆ ਤਾਂ ਉਸ ਨੇ ਨਾ ਸਿਰਫ਼ ਕਪਤਾਨ ਦਾ ਭਰੋਸਾ ਕਾਇਮ ਰੱਖਿਆ ਸਗੋਂ ਆਪਣੇ ਮਾਤਾ-ਪਿਤਾ ਦਾ ਸੁਫ਼ਨਾ ਵੀ ਪੂਰਾ ਕੀਤਾ। ਉਸ ਨੇ ਦੂਜਾ ਓਵਰ ਕਰਵਾਇਆ ਅਤੇ ਪਹਿਲੀ ਹੀ ਗੇਂਦ ਇਨਸਵਿੰਗ ਕਰਾ ਕੇ ਬਾਬਰ ਆਜ਼ਮ ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਗੇਂਦ ਸਿੱਧੀ ਪੈਡ 'ਤੇ ਆ ਗਈ ਅਤੇ ਉਸ ਦੀ ਅਪੀਲ 'ਤੇ ਅੰਪਾਇਰ ਨੇ ਆਊਟ ਦਿੱਤਾ। ਹਾਲਾਂਕਿ ਪਾਕਿਸਤਾਨ ਨੇ ਅਪੀਲ ਕੀਤੀ ਪਰ ਗੇਂਦ ਬੱਲੇ ਨਾਲ ਨਹੀਂ ਲੱਗ ਰਹੀ ਸੀ ਅਤੇ ਬਾਬਰ ਨੂੰ ਜ਼ੀਰੋ 'ਤੇ ਨਿਰਾਸ਼ ਹੋ ਕੇ ਪਵੇਲੀਅਨ ਪਰਤਣਾ ਪਿਆ।
ਜ਼ਿਕਰਯੋਗ ਹੈ ਕਿ ਅਰਸ਼ਦੀਪ ਲੰਬੇ ਸਮੇਂ ਤੋਂ ਕ੍ਰਿਕਟਰ ਬਣਨ ਅਤੇ ਦੇਸ਼ ਲਈ ਖੇਡਣ ਦਾ ਸੁਫ਼ਨਾ ਦੇਖ ਰਿਹਾ ਸੀ ਪਰ ਕਾਮਯਾਬੀ ਨਾ ਮਿਲਣ 'ਤੇ ਉਸ ਦੇ ਪਿਤਾ ਨੇ ਉਸ ਨੂੰ ਵਿਦੇਸ਼ ਜਾ ਕੇ ਆਪਣਾ ਕਰੀਅਰ ਬਣਾਉਣ ਦੀ ਸਲਾਹ ਦਿੱਤੀ। ਹਾਲਾਂਕਿ, ਅਰਸ਼ਦੀਪ ਨੇ ਆਪਣੇ ਆਪ 'ਤੇ ਵਿਸ਼ਵਾਸ ਕੀਤਾ ਅਤੇ ਸਖਤ ਮਿਹਨਤ ਕੀਤੀ ਅਤੇ ਨਤੀਜੇ ਵਜੋਂ ਉਹ ਭਾਰਤ ਦੀ ਮਜ਼ਬੂਤ ਗੇਂਦਬਾਜ਼ੀ ਲਾਈਨ-ਅੱਪ ਦਾ ਹਿੱਸਾ ਬਣ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।