IND vs NZ T20 : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤੀ 5-0 ਨਾਲ ਟੀ-20 ਸੀਰੀਜ਼

Sunday, Feb 02, 2020 - 04:08 PM (IST)

IND vs NZ T20 : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤੀ 5-0 ਨਾਲ ਟੀ-20 ਸੀਰੀਜ਼

ਮਾਊਂਟ ਮਾਊਨਗਾਨੂਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ 'ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਅਤੇ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੂੰ 164 ਦੌਡ਼ਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਟੀਮ 20 ਓਵਰਾਂ ਵਿਚ 156 ਦੌਡ਼ਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 7 ਦੌਡ਼ਾਂ ਨਾਲ ਜਿੱਤ ਕੇ ਟੀ-20 ਸੀਰੀਜ਼ 5-0 ਨਾਲ ਆਪਣੇ ਨਾਂ ਕੀਤੀ। ਟੀਮ ਇੰਡੀਆ ਦੀ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਪਹਿਲੀ ਵਾਰ ਟੀ-20 ਸੀਰੀਜ਼ 5-0 ਨਾਲ ਜਿੱਤੀ ਹੈ। 

PunjabKesari

ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਕੌਲਿਨ ਮੁਨਰੋ ਸਸਤੇ ਆਪਣੀਆਂ ਵਿਕਟਾਂ ਗੁਆ ਕੇ ਪਵੇਲੀਅਨ ਪਰਤ ਗਏ। ਉੱਥੇ ਹੀ ਟਾਮ ਬਰੂਸ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਟਾਮ ਸੀਫਰਟ ਅਤੇ ਰਾਸ ਟੇਲਰ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਮੁਸ਼ਕਿਲ 'ਚ ਫਸੀ ਕੀਵੀ ਟੀਮ ਨੂੰ ਬਾਹਰ ਕੱਡਿਆ। ਹਾਲਾਂਕਿ ਸੀਫਰਟ ਵੀ ਆਪਣਾ ਆਰਧ ਸੈਂਕਡ਼ਾ ਕਰਨ ਤੋਂ ਬਾਅਦ ਨਵਦੀਪ ਸੈਣੀ ਦਾ ਸ਼ਿਕਾਰ ਹੋ ਗਏ। ਸੀਫਰਟ ਨੇ ਆਪਣੀ 50 ਦੌਡ਼ਾਂ ਦੀ ਪਾਰੀ ਦੌਰਾਨ 3 ਛੱਕੇ ਅਤੇ 5 ਚੌਕੇ ਲਾਏ। ਇਸ ਤੋਂ ਬਾਅਦ ਅਗਲੇ ਬੱਲੇਬਾਜ਼ ਦੇ ਰੂਪ 'ਚ ਆਏ ਡੈਰੇਲ ਮਿਚੇਲ ਸਿਰਫ 2 ਦੌਡ਼ਾਂ ਬਣਾ ਬੁਮਰਾਹ ਹੱਥੋਂ ਬੋਲਡ ਹੋ ਗਏ। ਨਿਊਜ਼ੀਲੈਂਡ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਆਲਰਾਊਂਡਰ ਮਿਚੇਲ ਸੈਂਟਨਰ ਛੱਕਾ ਲਾਉਣ ਦੀ ਕੋਸ਼ਸ਼ 'ਚ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਮਨੀਸ਼ ਪਾਂਡੇ ਨੂੰ ਕੈਚ ਦੇ ਬੈਠੇ। ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ ਵੀ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕੇ ਅਤੇ 53 ਦੌਡ਼ਾਂ ਬਣਾ ਨਵਦੀਪ ਸੈਣੀ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਇਸ ਮੈਚ ਵਿਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਸੀ ਅਤੇ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਸੀ। ਉੱਥੇ ਹੀ ਕੇਨ ਵਿਲੀਅਮਸਨ ਦੇ ਮੋਢੇ 'ਤੇ ਸੱਟ ਕਾਰਨ ਮੇਜ਼ਬਾਨ ਟੀਮ ਨਿਊਜ਼ੀਲੈਂਡ ਦੀ ਕਪਤਾਨੀ ਵੀ ਟਿਮ ਸਾਊਥੀ ਨੇ ਹੀ ਕੀਤੀ।

PunjabKesari

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਦੂਜੇ ਹੀ ਓਵਰ ਵਿਚ ਸੰਜੂ ਸੈਮਸਨ 2 ਦੌਡ਼ਾਂ ਬਣਾ ਕੁਗਲੈਜਿਨ ਹੱਥੋਂ ਆਊਟ ਹੋ ਗਏ। ਸ਼ੁਰੂਆਤੀ ਝਟਕੇ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦਾ ਸੋਕਰ 100 ਦੇ ਕਰੀਬ ਲੈ ਗਏ। ਸ਼ਾਨਦਾਰ ਪਾਰੀ ਖੇਡ ਰਹੇ ਕੇ. ਐੱਲ. ਰਾਹੁਲ ਆਪਣਾ ਅਰਧ ਸੈਂਕਡ਼ਾ ਬਣਾਉਣ ਤੋਂ ਖੁੰਝ ਗਏ ਅਤੇ 45 ਦੌਡ਼ਾਂ ਦੇ ਨਿਜੀ ਸਕੋਰ 'ਤੇ ਬੈਨੇਟ ਹੱਥੋਂ ਆਊਟ ਹੋ ਗਏ। ਰਾਹੁਲ ਨੇ ਆਪਣੀ ਪਾਰੀ ਦੌਰਾਨ 2 ਛੱਕੇ ਅਤੇ 4 ਚੌਕੇ ਵੀ ਲਾਏ। ਰਾਹੁਲ ਦੇ ਆਊਟ ਹੋਣ ਤੋਂ ਬਾਅਦ ਵੀ ਰੋਹਿਤ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਜਾਰੀ ਰੱਖੀ ਅਤੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ। ਇਸ ਦੌਰਾਨ ਸ਼੍ਰੇਅਸ ਅਈਅਰ ਨੇ ਵੀ ਰੋਹਿਤ ਦਾ ਚੰਗਾ ਸਾਥ ਦਿੱਤਾ ਅਤੇ ਤੇਜ਼ ਬੱਲੇਬਾਜ਼ੀ ਕਰਦਿਆਂ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਹਾਲਾਂਕਿ ਪੈਰ 'ਤੇ ਸੱਟ ਲੱਗਣ ਕਾਰਨ ਰੋਹਿਤ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਬੱਲੇਬਾਜ਼ੀ ਕਰਨ ਆਏ ਸ਼ਿਵਮ ਦੂਬੇ ਕੋਈ ਕਮਾਲ ਨਾ ਦਿਖਾ ਸਕੇ। ਦੂਬੇ 5 ਦੌਡ਼ਾਂ ਬਣਾ ਆਊਟ ਹੋ ਗਏ। 

PunjabKesari

ਟੀਮਾਂ ਇਸ ਤਰ੍ਹਾਂ ਹਨ :
ਭਾਰਤ :
ਲੋਕੇਸ਼ ਰਾਹੁਲ, ਸੰਜੂ ਸੈਮਸਨ, ਰੋਹਿਤ ਸ਼ਰਮਾ (ਕਪਤਾਨ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਸ਼ਰਦੂਲ ਠਾਕੁਰ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਟਿਮ ਸਿਫ਼ਰਟ, ਟਾਮ ਬਰੂਸ, ਰਾਸ ਟੇਲਰ, ਡੈਰਲ ਮਿਸ਼ੇਲ, ਮਿਸ਼ੇਲ ਸੈਂਟਨਰ, ਸਕਾਟ ਕੁਗਲੀਜੈਨ, ਟਿਮ ਸਾਊਥੀ (ਕਪਤਾਨ), ਇਸ਼ ਸੋਢੀ, ਹਮੀਸ਼ ਬੇਨੇਟ।


Related News