IND vs NZ: ਬੈਂਗਲੁਰੂ ਟੈਸਟ ''ਚ ਹਾਰ ਤੋਂ ਬਾਅਦ ਟੀਮ ਇੰਡੀਆ ''ਚ ਵੱਡਾ ਬਦਲਾਅ, ਇਸ ਆਲਰਾਊਂਡਰ ਦੀ ਹੋਈ ਐਂਟਰੀ

Sunday, Oct 20, 2024 - 06:45 PM (IST)

ਸਪੋਰਟਸ ਡੈਸਕ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਨੂੰ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਨੇ 36 ਸਾਲ ਬਾਅਦ ਭਾਰਤੀ ਧਰਤੀ 'ਤੇ ਟੈਸਟ ਜਿੱਤ ਹਾਸਲ ਕੀਤੀ ਹੈ। ਹੁਣ ਦੋਵਾਂ ਦੇਸ਼ਾਂ ਵਿਚਾਲੇ ਸੀਰੀਜ਼ ਦਾ ਦੂਜਾ ਮੈਚ 24 ਅਕਤੂਬਰ (ਵੀਰਵਾਰ) ਤੋਂ ਪੁਣੇ 'ਚ ਖੇਡਿਆ ਜਾਵੇਗਾ।

ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਨੇ ਇਸ ਸੀਰੀਜ਼ ਦੇ ਬਾਕੀ ਦੋ ਮੈਚਾਂ ਲਈ ਖੱਬੇ ਹੱਥ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਸੁੰਦਰ ਦੂਜੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਪੁਣੇ 'ਚ ਭਾਰਤੀ ਟੀਮ ਨਾਲ ਜੁੜ ਜਾਵੇਗਾ। ਸੁੰਦਰ ਨੇ ਰਣਜੀ ਟਰਾਫੀ ਵਿੱਚ ਤਾਮਿਲਨਾਡੂ ਲਈ 152 ਦੌੜਾਂ ਦੀ ਪਾਰੀ ਖੇਡੀ ਸੀ।

ਨਿਊਜ਼ੀਲੈਂਡ ਦੇ ਖਿਲਾਫ ਦੂਜੇ ਅਤੇ ਤੀਜੇ ਟੈਸਟ ਲਈ 16 ਮੈਂਬਰੀ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐੱਲ. ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਵਾਸ਼ਿੰਗਟਨ ਸੁੰਦਰ।

ਹਾਲਾਂਕਿ, ਬੀ.ਸੀ.ਸੀ.ਆਈ. ਨੇ ਇਹ ਨਹੀਂ ਦੱਸਿਆ ਕਿ ਵਾਸ਼ਿੰਗਟਨ ਸੁੰਦਰ ਨੂੰ ਵਾਧੂ ਆਲਰਾਊਂਡਰ ਵਿਕਲਪ ਦੇ ਰੂਪ ਵਿੱਚ ਭਾਰਤੀ ਟੀਮ ਵਿੱਚ ਕਿਉਂ ਸ਼ਾਮਲ ਕੀਤਾ। ਜਦੋਂਕਿ ਟੀਮ ਵਿੱਚ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਵਰਗੇ ਖਿਡਾਰੀ ਪਹਿਲਾਂ ਹੀ ਮੌਜੂਦ ਹਨ। ਭਾਰਤੀ ਟੀਮ ਹੁਣ ਪੁਣੇ ਅਤੇ ਮੁੰਬਈ ਟੈਸਟ ਲਈ 16 ਮੈਂਬਰੀ ਟੀਮ ਨਾਲ ਰਵਾਨਾ ਹੋਵੇਗੀ।


Rakesh

Content Editor

Related News