IND vs NZ : ਦੂਜੇ ਟੀ20 ਮੈਚ ''ਚ ਹਾਰ ਤੋਂ ਬਾਅਦ ਸੈਂਟਨਰ ਨੇ ਦਿੱਤਾ ਇਹ ਬਿਆਨ
Monday, Jan 30, 2023 - 02:22 PM (IST)
ਨਵੀਂ ਦਿੱਲੀ- ਐਤਵਾਰ ਨੂੰ ਲਖਨਊ ’ਚ ਖੇਡੇ ਗਏ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ’ਚ ਨਿਊਜ਼ੀਲੈਂਡ ਨੂੰ ਭਾਰਤ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਮੈਚ ਤੋਂ ਬਾਅਦ ਸਵੀਕਾਰ ਕੀਤਾ ਕਿ ਜੇ ਉਨ੍ਹਾਂ ਦੀ ਟੀਮ 10 ਜਾਂ 15 ਦੌੜਾਂ ਹੋਰ ਬਣਾ ਲੈਂਦੀ ਤਾਂ ਮੈਚ ’ਚ ਵੱਡੀ ਤਬਦੀਲੀ ਆ ਸਕਦੀ ਸੀ। ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ (26*) ਤੇ ਕਪਤਾਨ ਹਾਰਦਿਕ ਪਾਂਡਿਆ (15*) ਨੇ ਆਪਣਾ ਸੰਜਮ ਬਣਾਈ ਰੱਖਦਿਆਂ ਭਾਰਤ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਜਿੱਤ ਦਿਵਾਈ। ਇਸ ਨਾਲ ਟੀਮ ਇੰਡੀਆ ਨੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ।
ਰਾਂਚੀ ਵਿੱਚ ਖੇਡੇ ਗਏ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਭਾਰਤ ਨੂੰ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਮਿਚੇਲ ਸੈਂਟਨਰ ਨੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਬਾਅਦ ਕਿਹਾ, ‘ਇਹ ਬਹੁਤ ਵਧੀਆ ਮੈਚ ਸੀ। ਗੇਂਦਬਾਜ਼ਾਂ ਨੇ ਸ਼ਾਨਦਾਰ ਕੋਸ਼ਿਸ਼ ਕਰ ਕੇ ਮੈਚ ਨੂੰ ਬਹੁਤ ਕਰੀਬੀ ਬਣਾ ਦਿੱਤਾ ਸੀ। ਜੇ ਸਾਡੇ ਸਕੋਰ ਵਿਚ 10 ਜਾਂ 15 ਦੌੜਾਂ ਹੋਰ ਹੁੰਦੀਆਂ ਤਾਂ ਨਤੀਜਾ ਵੱਖਰਾ ਹੋ ਸਕਦਾ ਸੀ। ਸੂਰਯ ਅਤੇ ਹਾਰਦਿਕ ਨੇ ਨੇ ਭਾਰਤ ਨੂੰ ਜਿੱਤ ਦਿਵਾਈ। ਅਸੀਂ 16 ਜਾਂ 17 ਓਵਰ ਸਪਿਨ ਗੇਂਦਬਾਜੀ ਕੀਤੀ, ਜੋ ਵੱਖਰਾ ਅਨੁਭਵ ਸੀ।
ਇਹ ਵੀ ਪੜ੍ਹੋ : ਮਾਂ ਦੀ ਮਿਹਨਤ, ਗੁਰੂ ਦੀ ਲਗਨ ਅਤੇ ਕੁਲਦੀਪ ਦੀ ਪ੍ਰੇਰਨਾ ਨੇ ਅਰਚਨਾ ਦੇ ਸੁਫ਼ਨਿਆਂ ਨੂੰ ਲਾਏ ਖੰਭ
ਪਿੱਚ ’ਤੇ ਮੌਜੂਦ ਉਛਾਲ ਨੇ ਇਸ ਵਿਕਟ ਨੂੰ ਬਹੁਤ ਚੁਣੌਤੀਪੂਰਨ ਬਣਾ ਦਿੱਤਾ ਸੀ। ਤੁਸੀ ਨਹੀਂ ਜਾਣਦੇ ਸੀ ਕਿ ਇੱਥੇ ਇੱਕ ਚੰਗਾ ਸਕੋਰ ਕੀ ਹੋਵੇਗਾ। 120 ਵੀ ਸ਼ਾਇਦ ਇੱਥੇ ਮੈਚ ਦਾ ਜੇਤੂ ਟੀਚਾ ਹੁੰਦਾ। ਰੋਟੇਸ਼ਨ ਸ਼ਾਇਦ ਫਰਕ ਬਣਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 8 ਵਿਕਟਾਂ ਗੁਆ ਕੇ 99 ਦੌੜਾਂ ਬਣਾਈਆਂ। ਭਾਰਤੀ ਸਪਿਨਰਾਂ ਨੇ ਕੀਵੀ ਬੱਲੇਬਾਜ਼ਾਂ ’ਤੇ ਪੂਰਾ ਦਬਦਬਾ ਬਣਾਇਆ ਅਤੇ ਉਨ੍ਹਾਂ ਵਿਰੁੱਧ ਦੌੜਾਂ ਬਣਾਉਣਾ ਬਹੁਤ ਮੁਸ਼ਕਲ ਸੀ।
ਇਸ ਤੋਂ ਬਾਅਦ ਭਾਰਤੀ ਟੀਮ ਦੇ ਬੱਲੇਬਾਜ਼ ਵੀ ਸੰਘਰਸ਼ ਕਰਦੇ ਨਜ਼ਰ ਆਏ ਪਰ ਪਲੇਅਰ ਆਫ ਦਿ ਮੈਚ ਸੂਰਿਆਕੁਮਾਰ ਯਾਦਵ ਨੇ ਜਿੱਤ ਦਿਵਾਈ।ਤੀਜਾ ਅਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਮੈਚ ਬੁੱਧਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘’ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਇਸ ਮੈਚ ਵਿਚ ਜੋ ਵੀ ਟੀਮ ਜਿੱਤੇਗੀ, ਸੀਰੀਜ਼ ਆਪਣੇ ਨਾਂ ਕਰ ਲਵੇਗੀ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।