ਕੋਹਲੀ ਦੇ ਦੂਜੇ ਵਨ ਡੇ ’ਚ ਵੀ ਖੇਡਣ ’ਤੇ ਸ਼ੱਕ, ਭਾਰਤ ਦੀਆਂ ਨਜ਼ਰਾਂ ਇਕ ਹੋਰ ਸੀਰੀਜ਼ ਜਿੱਤਣ ’ਤੇ
Thursday, Jul 14, 2022 - 10:35 AM (IST)
ਲੰਡਨ (ਭਾਸ਼ਾ)- ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਵੀਰਵਾਰ ਯਾਨੀ ਅੱਜ ਲਾਰਡਸ ’ਚ ਦੂਜੇ ਵਨ ਡੇ ’ਚ ਇਕ ਵਾਰ ਫਿਰ ਇੰਗਲੈਂਡ ’ਤੇ ਦਬਦਬਾ ਬਣਾਉਂਦੇ ਹੋਏ 3 ਮੈਂਚਾਂ ਦੀ ਸੀਰੀਜ਼ ’ਚ ਜੇਤੂ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗੀ, ਜਦੋਂਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਗ੍ਰੋਇਨ ਦੀ ਸੱਟ ਕਾਰਨ ਇਸ ਮੈਚ ’ਚ ਵੀ ਖੇਡਣਾ ਸ਼ੱਕੀ ਹੈ। ਲੰਮੇ ਸਮੇਂ ਤੋਂ ਖ਼ਰਾਬ ਫਾਰਮ ਨਾਲ ਜੂਝ ਰਹੇ ਸਾਬਕਾ ਭਾਰਤੀ ਕਪਤਾਨ ਕੋਹਲੀ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਪਹਿਲੇ ਵਨ ਡੇ ’ਚ ਨਹੀਂ ਖੇਡ ਸਕੇ ਸਨ ਅਤੇ ਹੁਣ ਵੀ ਇਹ ਸਪੱਸ਼ਟ ਨਹੀਂ ਹੈ ਕਿ ਉਹ ਦੂਜੇ ਮੈਚ ਲਈ ਫਿੱਟ ਹਨ ਜਾਂ ਨਹੀਂ। ਕੋਹਲੀ ਦੇ ਖ਼ਰਾਬ ਪ੍ਰਦਰਸ਼ਨ ਦਾ ਹਾਲਾਂਕਿ ਸੀਮਤ ਓਵਰਾਂ ਦੇ ਮੁਕਾਬਲੇ ’ਚ ਭਾਰਤ ’ਤੇ ਜ਼ਿਆਦਾ ਅਸਰ ਨਹੀਂ ਪਿਆ ਹੈ ਕਿਉਂਕਿ ਟੀਮ ਵਨ ਡੇ ਅਤੇ ਟੀ-20 ਦੇਵਾਂ ’ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ।
ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਭਾਰਤ ਨੇ ਮੰਗਲਵਾਰ ਨੂੰ ਪਹਿਲੇ ਵਨ-ਡੇ ’ਚ 10 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ। ਕੋਹਲੀ ਦੀ ਗੈਰ-ਮੌਜੂਦਗੀ ਦਾ ਨਾਂ-ਪੱਖੀ ਪੱਖ ਇਹ ਹੈ ਕਿ ਦੇਸ਼ ਦੇ ਚੋਟੀ ਦੇ ਬੱਲੇਬਾਜ਼ ਨੂੰ ਦਬਾਅ ਭਰੇ ਮੁਕਾਬਲਿਆਂ ’ਚ ਠੋਸ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਜਦੋਂਕਿ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਹੋਰ ਬੱਲੇਬਾਜ਼ਾਂ ਨੂੰ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਮਿਲ ਰਿਹਾ ਹੈ। ਅਜਿਹਾ ਸੂਰਿਆਕੁਮਾਰ ਯਾਦਵ ਨੇ ਨਾਟਿੰਘਮ ’ਚ ਆਖਰੀ ਟੀ-20 ਮੈਚ ’ਚ ਸੈਂਕੜਾ ਜੜ ਕੇ ਕੀਤਾ। ਕੋਹਲੀ ਜੇਕਰ 100 ਫੀਸਦੀ ਫਿੱਟ ਹੋਏ ਬਿਨਾਂ ਵਾਪਸੀ ਲਈ ਜਲਦਬਾਜ਼ੀ ਕਰਦੇ ਹਨ ਤਾਂ ਮਾਸਪੇਸ਼ੀਆਂ ’ਚ ਖਿਚਾਅ ਵੱਡੀ ਸੱਟ ’ਚ ਬਦਲ ਸਕਦਾ ਹੈ। ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਉਮੀਦ ਹੋਵੇਗੀ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਲਾਰਡਸ ਦੀ ਪਿੱਚ ਤੋਂ ਵੀ ਓਵਲ ਵਰਗੀ ਮਦਦ ਮਿਲੇਗੀ। ਬੁਮਰਾਹ ਸ਼ਾਨਦਾਰ ਫਾਰਮ ’ਚ ਚੱਲ ਰਹੇ ਹਨ, ਜਦੋਂਕਿ ਮੁਹੰਮਦ ਸ਼ੰਮੀ ਕਿਸੇ ਵੀ ਵਿਰੋਧੀ ਬੱਲੇਬਾਜ਼ੀ ਕ੍ਰਮ ਨੂੰ ਢੇਰੀ ਕਨਰ ’ਚ ਸਮਰੱਥ ਹਨ। ਕਪਤਾਨ ਰੋਹਿਤ ਅਜਿਹੇ ’ਚ ਸ਼੍ਰੇਅਸ ਅਈਅਰ ’ਤੇ ਜ਼ਿਆਦਾ ਧਿਆਨ ਲਾਉਣਗੇ, ਜਿਸ ਦੀ ਸ਼ਾਰਟ ਗੇਂਦ ਖਿਲਾਫ ਸਮੱਸਿਆ ਵਧਦੀ ਜਾ ਰਹੀ ਹੈ।
ਦੁਨੀਆ ਭਰ ਦੇ ਗੇਂਦਬਾਜ਼ ਸ਼ਾਰਟ ਪਿਚ ਗੇਂਦਾਂ ’ਤੇ ਅਈਅਰ ਨੂੰ ਆਊਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਲੈੱਗ ਸਾਈਡ ਵੱਲ ਮੂਵ ਕਰ ਕੇ ਸ਼ਾਰਟ ਖੇਡਣ ਲਈ ਜਗ੍ਹਾ ਬਣਾਉਣ ਦੀ ਰਣਨੀਤੀ ਵੀ ਅਸਫਲ ਰਹੀ ਹੈ। ਦੀਪਕ ਹੁੱਡਾ ਵਰਗੀ ਸਮਰੱਥਾ ਵਾਲਾ ਖਿਡਾਰੀ ਟੀਮ ’ਚ ਜਗ੍ਹਾ ਪਾਉਣ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਅਜਿਹੇ ’ਚ ਅਈਅਰ ’ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ। ਜੋਸ ਬਟਲਰ, ਜੋ ਰੂਟ, ਬੇਨ ਸਟੋਕਸ, ਜਾਨੀ ਬੇਅਰਸਟੋ, ਜੈਸਨ ਰਾਏ ਅਤੇ ਲਿਆਮ ਲਿਵਿੰਗਸਟੋਨ ਦੀ ਮੌਜੂਦਗੀ ਵਾਲਾ ਬੱਲੇਬਾਜ਼ੀ ਕ੍ਰਮ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਢਹਿ-ਢੇਰੀ ਕਰ ਸਕਦਾ ਹੈ ਪਰ ਓਵਲ ’ਚ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਹਾਲਾਤ ’ਚ ਇਹ ਬੱਲੇਬਾਜ਼ ਅਸਫਲ ਰਹੇ। ਲਾਰਡਸ ਦੀ ਪਿਚ ਆਮਤੌਰ ’ਤੇ ਬੱਲੇਬਾਜ਼ੀ ਦੀ ਅਨੁਕੂਲ ਹੁੰਦੀ ਹੈ ਪਰ ਪ੍ਰਸਿੱਧ ਕ੍ਰਿਸ਼ਣਾ ਵਰਗੇ ਨਵੋਦਿਤ ਗੇਂਦਬਾਜ਼ਾਂ ਨੂੰ ਇਸ ਮੈਦਾਨ ਦੀ ਢਲਾਣ ਨਾਲ ਵੀ ਤਾਲਮੇਲ ਬਿਠਾਉਣਾ ਹੋਵੇਗਾ। ਭਾਰਤੀ ਟੀਮ ਬਿਹਤਰੀਨ ਫਾਰਮ ’ਚ ਹੈ ਅਤੇ ਸੰਭਵਤ ਇਕ ਹੋਰ ਆਸਾਨ ਜਿੱਤ ਨਾਲ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ।