IND vs BAN 2nd Test :  ਬੰਗਲਾਦੇਸ਼ ''ਤੇ ਦਬਦਬਾ ਕਾਇਮ ਰੱਖਣ ਉਤਰੇਗਾ ਭਾਰਤ, ਦੇਖੋ ਸੰਭਾਵਿਤ ਪਲੇਇੰਗ 11

Thursday, Sep 26, 2024 - 02:38 PM (IST)

ਕਾਨਪੁਰ- ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਿਹਾ ਭਾਰਤ ਸ਼ੁੱਕਰਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ 'ਚ ਬੰਗਲਾਦੇਸ਼ 'ਤੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਦੋ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗਾ। ਭਾਰਤ ਨੇ ਚੇਨਈ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਰਵੀਚੰਦਰਨ ਅਸ਼ਵਿਨ ਦੇ ਆਲਰਾਊਂਡਰ ਖੇਡ, ਸ਼ੁਭਮਨ ਗਿੱਲ ਦੇ ਸੈਂਕੜੇ, ਰਵੀਚੰਦਰਨ ਜਡੇਜਾ ਦੀ ਚੰਗੀ ਬੱਲੇਬਾਜ਼ੀ ਅਤੇ ਰਿਸ਼ਭ ਪੰਤ ਦੇ ਵਾਪਸੀ 'ਤੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ।
ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਦਿਨ ਭਾਰਤ 'ਤੇ ਦਬਾਅ ਬਣਾਇਆ ਸੀ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਜਿਸ ਤਰ੍ਹਾਂ ਨਾਲ ਵਾਪਸੀ ਕੀਤੀ, ਉਸ ਤੋਂ ਪਤਾ ਲੱਗਦਾ ਹੈ ਕਿ ਟੈਸਟ ਕ੍ਰਿਕਟ 'ਚ ਖਾਸਕਰ ਘਰੇਲੂ ਮੈਦਾਨਾਂ 'ਤੇ ਉਸ ਦਾ ਦਬਦਬਾ ਹੈ। ਭਾਰਤ ਦੀ ਨਜ਼ਰ ਹੁਣ ਘਰੇਲੂ ਮੈਦਾਨ 'ਤੇ ਲਗਾਤਾਰ 18ਵੀਂ ਸੀਰੀਜ਼ ਜਿੱਤਣ 'ਤੇ ਟਿਕੀ ਹੈ। ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਸਫਲ ਵਾਪਸੀ ਤੋਂ ਬਾਅਦ ਪੰਤ ਨੇ ਟੈਸਟ ਕ੍ਰਿਕਟ ਵਿੱਚ ਵੀ ਆਪਣਾ ਜਲਵਾ ਦਿਖਾਇਆ। ਉਨ੍ਹਾਂ ਨੂੰ ਖੇਡਦਿਆਂ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਖੇਡ ਵਿਚ ਨਵੇਂ ਆਯਾਮ ਸ਼ਾਮਲ ਕੀਤੇ ਹਨ ਕਿਉਂਕਿ ਉਨ੍ਹਾਂ ਨੇ ਲੋੜ ਪੈਣ 'ਤੇ ਆਪਣੇ ਹਮਲਾਵਰ ਰਵੱਈਏ 'ਤੇ ਕਾਬੂ ਪਾਇਆ। ਪਰ ਪਹਿਲੇ ਟੈਸਟ ਮੈਚ 'ਚ ਰੋਹਿਤ ਅਤੇ ਵਿਰਾਟ ਦੇ ਬੱਲੇ ਚੁੱਪ ਰਹੇ।

ਇਹ ਵੀ ਪੜ੍ਹੋ- ਜਰਮਨੀ ਵਿਰੁੱਧ ਦੋ-ਪੱਖੀ ਸੀਰੀਜ਼ ਦਿੱਲੀ ’ਚ ਹਾਕੀ ਦੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰੇਗੀ : ਹਰਮਨਪ੍ਰੀਤ ਸਿੰਘ
ਪਹਿਲੇ ਟੈਸਟ 'ਚ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਅਤੇ ਤਸਕੀਨ ਅਹਿਮਦ ਨੇ ਅਨੁਕੂਲ ਪਿੱਚ 'ਤੇ ਚੰਗੀ ਗੇਂਦਬਾਜ਼ੀ ਕੀਤੀ ਸੀ। ਟੈਸਟ ਕ੍ਰਿਕਟ 'ਚ ਭਾਰਤ ਦਾ ਅੱਗੇ ਕਾਫੀ ਵਿਅਸਤ ਸਮਾਂ ਹੈ ਅਤੇ ਅਜਿਹੀ ਸਥਿਤੀ 'ਚ ਰੋਹਿਤ ਅਤੇ ਕੋਹਲੀ ਇੱਥੇ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਣਗੇ। ਸਪਿਨਰਾਂ ਨੂੰ ਗ੍ਰੀਨ ਪਾਰਕ ਦੀ ਵਿਕਟ ਤੋਂ ਮਦਦ ਮਿਲ ਰਹੀ ਹੈ। ਭਾਵੇਂ ਤੇਜ਼ ਗੇਂਦਬਾਜ਼ਾਂ ਨੂੰ ਇਸ ਵਿਚ ਕੁਝ ਮਦਦ ਮਿਲਣ ਦੀ ਉਮੀਦ ਹੈ, ਪਰ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਉਸ ਦੇ ਸੁਭਾਅ ਵਿਚ ਬਦਲਾਅ ਆਉਣ ਦੀ ਸੰਭਾਵਨਾ ਹੈ। ਅਜਿਹੇ 'ਚ ਭਾਰਤ ਪਲੇਇੰਗ ਇਲੈਵਨ 'ਚ ਤਿੰਨ ਤੇਜ਼ ਗੇਂਦਬਾਜ਼ਾਂ ਦੀ ਬਜਾਏ ਤਿੰਨ ਸਪਿਨਰਾਂ ਨੂੰ ਸ਼ਾਮਲ ਕਰ ਸਕਦਾ ਹੈ। ਅਜਿਹੇ 'ਚ ਆਕਾਸ਼ਦੀਪ ਦੀ ਜਗ੍ਹਾ ਕੁਲਦੀਪ ਯਾਦਵ ਲੈ ਸਕਦੇ ਹਨ, ਜਿਨ੍ਹਾਂ ਦਾ ਇਹ ਘਰੇਲੂ ਮੈਦਾਨ ਹੈ।
ਜੇਕਰ ਭਾਰਤ ਆਪਣੀ ਬੱਲੇਬਾਜ਼ੀ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹੈ ਤਾਂ ਕੁਲਦੀਪ ਦੇ ਮੁਕਾਬਲੇ ਅਕਸ਼ਰ ਪਟੇਲ ਨੂੰ ਤਰਜੀਹ ਮਿਲ ਸਕਦੀ ਹੈ। ਗ੍ਰੀਨ ਪਾਰਕ ਵਿੱਚ ਇਸ ਤੋਂ ਪਹਿਲਾਂ 2021 ਵਿੱਚ ਖੇਡੇ ਗਏ ਆਖਰੀ ਟੈਸਟ ਮੈਚ ਵਿੱਚ, ਭਾਰਤ ਨੇ ਤਿੰਨ ਸਪਿਨਰਾਂ ਅਸ਼ਵਿਨ, ਜਡੇਜਾ ਅਤੇ ਅਕਸ਼ਰ ਦੇ ਨਾਲ ਪ੍ਰਵੇਸ਼ ਕੀਤਾ ਸੀ। ਨਿਊਜ਼ੀਲੈਂਡ ਖਿਲਾਫ ਖੇਡਿਆ ਗਿਆ ਇਹ ਮੈਚ ਡਰਾਅ ਰਿਹਾ। ਜਿੱਥੋਂ ਤੱਕ ਬੰਗਲਾਦੇਸ਼ ਦਾ ਸਵਾਲ ਹੈ, ਉਸ ਦੇ ਬੱਲੇਬਾਜ਼ ਪਹਿਲੇ ਟੈਸਟ ਮੈਚ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਨੂੰ ਦੇਖਦੇ ਹੋਏ ਉਹ ਆਪਣੀ ਟੀਮ 'ਚ ਬਦਲਾਅ ਕਰ ਸਕਦਾ ਹੈ। ਇਸ ਦੇ ਬੱਲੇਬਾਜ਼ ਪਹਿਲੀ ਪਾਰੀ 'ਚ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਨਹੀਂ ਚੱਲ ਸਕੇ, ਜਦਕਿ ਦੂਜੀ ਪਾਰੀ 'ਚ ਅਸ਼ਵਿਨ ਦੀ ਸਪਿਨ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।
ਟੀਮ ਪ੍ਰਬੰਧਨ ਨੇ ਸ਼ਾਕਿਬ ਅਲ ਹਸਨ ਦੀ ਉਪਲਬਧਤਾ 'ਤੇ ਵਿਰੋਧੀ ਬਿਆਨ ਦਿੱਤੇ ਹਨ। ਜਦੋਂ ਕਿ ਬੰਗਲਾਦੇਸ਼ ਦੇ ਚੋਣਕਾਰ ਨੇ ਕਿਹਾ ਸੀ ਕਿ ਚੇਨਈ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਉਂਗਲੀ ਦੀ ਸੱਟ ਕਾਰਨ ਉਸ ਦੀ ਚੋਣ ਸ਼ੱਕੀ ਸੀ, ਮੁੱਖ ਕੋਚ ਚੰਡਿਕਾ ਹਥਰੂਸਿੰਘੇ ਨੇ ਕਿਹਾ ਕਿ ਸਟਾਰ ਆਲਰਾਊਂਡਰ ਖੇਡਣ ਲਈ ਉਪਲਬਧ ਹੈ। ਬੰਗਲਾਦੇਸ਼ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਤਾਇਜੁਲ ਇਸਲਾਮ ਨੂੰ ਅੰਤਿਮ ਗਿਆਰਾਂ 'ਚ ਸ਼ਾਮਲ ਕਰ ਸਕਦਾ ਹੈ। ਉਸ ਕੋਲ ਆਫ ਸਪਿਨਰ ਨਈਮ ਹਸਨ ਦੇ ਰੂਪ ਵਿੱਚ ਇੱਕ ਹੋਰ ਵਿਕਲਪ ਹੈ।

ਇਹ ਵੀ ਪੜ੍ਹੋ- IND Vs BAN: ਰਵਿੰਚਦਰਨ ਅਸ਼ਵਿਨ ਕਾਨਪੁਰ ਟੈਸਟ 'ਚ ਬਣਾ ਸਕਦੇ ਹਨ 5 ਰਿਕਾਰਡ
ਜਡੇਜਾ ਦੇ ਰਿਕਾਰਡ 'ਤੇ ਨਜ਼ਰ
ਭਾਰਤੀ ਆਲਰਾਊਂਡਰ ਜਡੇਜਾ ਇਸ ਮੈਚ 'ਚ 300 ਵਿਕਟਾਂ ਅਤੇ 3000 ਦੌੜਾਂ ਦਾ ਅਨੋਖਾ ਡਬਲ ਬਣਾਉਣ ਵਾਲੇ ਖਿਡਾਰੀ ਬਣ ਸਕਦੇ ਹਨ। ਹੁਣ ਤੱਕ ਉਨ੍ਹਾਂ ਨੇ 73 ਟੈਸਟ ਮੈਚਾਂ 'ਚ 299 ਵਿਕਟਾਂ ਅਤੇ 3122 ਦੌੜਾਂ ਬਣਾਈਆਂ ਹਨ। ਇੰਗਲੈਂਡ ਦੇ ਇਆਨ ਬੋਥਮ ਨੇ 72 ਟੈਸਟ ਮੈਚਾਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ ਅਤੇ ਜਡੇਜਾ ਕੋਲ ਉਸ ਤੋਂ ਬਾਅਦ ਸਭ ਤੋਂ ਘੱਟ ਮੈਚਾਂ 'ਚ ਇਹ ਉਪਲਬਧੀ ਹਾਸਲ ਕਰਨ ਦਾ ਮੌਕਾ ਹੈ।
ਸੰਭਾਵਿਤ ਪਲੇਇੰਗ 11:
ਭਾਰਤ :
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ/ਕੁਲਦੀਪ ਯਾਦਵ, ਆਕਾਸ਼ ਦੀਪ, ਮੁਹੰਮਦ ਸਿਰਾਜ।
ਬੰਗਲਾਦੇਸ਼: ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਸਕੀਨ ਅਹਿਮਦ, ਹਸਨ ਮਹਿਮੂਦ, ਨਾਹਿਦ ਰਾਣਾ।
ਸਮਾਂ: ਸਵੇਰੇ 9.30 ਵਜੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Aarti dhillon

Content Editor

Related News