T20 WC : ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਨਾਲ ਚਟਾਈ ਧੂੜ
Sunday, Feb 15, 2026 - 10:26 PM (IST)
ਸਪੋਰਟਸ ਡੈਸਕ- ਆਈਸੀਸੀ ਟੀ-20 ਵਰਲਡ ਕੱਪ 2026 ਦੇ 27ਵੇਂ ਮੈਚ ਵਿੱਚ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਇੱਕਤਰਫਾ ਮੁਕਾਬਲੇ ਵਿੱਚ 61 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਪਾਕਿਸਤਾਨ ਦੀ ਪੂਰੀ ਟੀਮ ਮਹਿਜ਼ 114 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੁਪਰ-8 ਲਈ ਵੀ ਕੁਆਲੀਫਾਈ ਕਰ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਭਾਵੇਂ ਖ਼ਰਾਬ ਰਹੀ ਅਤੇ ਅਭਿਸ਼ੇਕ ਸ਼ਰਮਾ ਜ਼ੀਰੋ 'ਤੇ ਆਊਟ ਹੋ ਗਏ, ਪਰ ਈਸ਼ਾਨ ਕਿਸ਼ਨ ਨੇ ਮੈਦਾਨ ਦੇ ਚਾਰੇ ਪਾਸੇ ਛੱਕੇ-ਚੌਕਿਆਂ ਦੀ ਬਾਰਿਸ਼ ਕਰ ਦਿੱਤੀ। ਕਿਸ਼ਨ ਨੇ ਮਹਿਜ਼ 27 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ ਕੁੱਲ 40 ਗੇਂਦਾਂ ਵਿੱਚ 77 ਦੌੜਾਂ (10 ਚੌਕੇ, 3 ਛੱਕੇ) ਬਣਾ ਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ (32), ਤਿਲਕ ਵਰਮਾ (25) ਅਤੇ ਸ਼ਿਵਮ ਦੁਬੇ (27) ਨੇ ਅਹਿਮ ਯੋਗਦਾਨ ਪਾਇਆ। ਅਖੀਰ ਵਿੱਚ ਰਿੰਕੂ ਸਿੰਘ ਨੇ 4 ਗੇਂਦਾਂ ਵਿੱਚ 11 ਦੌੜਾਂ ਜੜ ਕੇ ਭਾਰਤ ਦਾ ਸਕੋਰ 7 ਵਿਕਟਾਂ 'ਤੇ 175 ਤੱਕ ਪਹੁੰਚਾਇਆ।
ਭਾਰਤੀ ਗੇਂਦਬਾਜ਼ਾਂ ਦੇ ਅੱਗੇ ਪਾਕਿਸਤਾਨ ਨੇ ਕੀਤਾ 'ਸਰੈਂਡਰ'
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਹਾਰਦਿਕ ਪੰਡਯਾ ਨੇ ਪਹਿਲੇ ਹੀ ਓਵਰ ਵਿੱਚ ਸਾਹਿਬਜ਼ਾਦਾ ਫਰਹਾਨ ਨੂੰ ਜ਼ੀਰੋ 'ਤੇ ਆਊਟ ਕਰਕੇ ਮੈਡਨ ਓਵਰ ਸੁੱਟਿਆ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਦੂਜੇ ਓਵਰ ਵਿੱਚ ਸੈਮ ਅਯੂਬ (6) ਅਤੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨੂੰ ਚਲਦਾ ਕਰਕੇ ਪਾਕਿਸਤਾਨ ਦਾ ਲੱਕ ਤੋੜ ਦਿੱਤਾ। ਅਕਸ਼ਰ ਪਟੇਲ ਨੇ ਬਾਬਰ ਆਜ਼ਮ (5) ਅਤੇ ਸੈੱਟ ਬੱਲੇਬਾਜ਼ ਉਸਮਾਨ ਖਾਨ (44) ਦੀਆਂ ਅਹਿਮ ਵਿਕਟਾਂ ਲਈਆਂ। ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਅਤੇ ਤਿਲਕ ਵਰਮਾ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਕਿਸਤਾਨੀ ਪਾਰੀ ਨੂੰ 114 ਦੌੜਾਂ 'ਤੇ ਹੀ ਸਮੇਟ ਦਿੱਤਾ।
