IND vs BAN 2nd T20I : ਨਿਤੀਸ਼-ਰਿੰਕੂ ਦੇ ਤੂਫਾਨੀ ਅਰਧ-ਸੈਂਕੜੇ, ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 222 ਦੌੜਾਂ ਦਾ ਟੀਚਾ
Wednesday, Oct 09, 2024 - 09:01 PM (IST)
ਸਪੋਰਟਸ ਡੈਸਕ- ਭਾਰਤੀ ਟੀਮ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਨਿਤੀਸ਼ ਰੈੱਡੀ ਅਤੇ ਰਿੰਕੂ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜੇ ਲਗਾਏ। ਜਿਸ ਦੀ ਬਦੌਲਤ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 222 ਦੌੜਾਂ ਦਾ ਟੀਚਾ ਦਿੱਤਾ।
ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 25 ਦੌੜਾਂ 'ਤੇ 2 ਵਿਕਟਾਂ ਅਤੇ 41 ਦੌੜਾਂ 'ਤੇ ਤੀਜੀ ਵਿਕਟ ਗੁਆ ਦਿੱਤੀ ਸੀ। ਸੰਜੂ ਸੈਮਸਨ (10), ਅਭਿਸ਼ੇਕ ਸ਼ਰਮਾ (15) ਅਤੇ ਕਪਤਾਨ ਸੂਰਿਆਕੁਮਾਰ ਯਾਦਵ (8) ਦੌੜਾਂ ਬਣਾ ਕੇ ਜਲਦੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨਿਤੀਸ਼ ਰੈੱਡੀ ਅਤੇ ਰਿੰਕੂ ਸਿੰਘ ਨੇ ਪਾਰੀ ਸੰਭਾਲੀ ਅਤੇ ਮੈਦਾਨ 'ਤੇ ਤੂਫਾਨੀ ਬੱਲੇਬਾਜ਼ੀ ਦਾ ਨਜ਼ਾਰਾ ਦਿਖਾਇਆ।
ਦੋਵਾਂ ਨੇ ਮਿਲ ਕੇ 49 ਗੇਂਦਾਂ 'ਚ 108 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਨਿਤੀਸ਼ ਨੇ ਆਪਣੇ ਕਰੀਅਰ ਦੇ ਦੂਜੇ ਮੈਚ ਵਿੱਚ ਪਹਿਲਾ ਅਰਧ ਸੈਂਕੜਾ ਲਗਾਇਆ। ਉਸ ਨੇ 27 ਗੇਂਦਾਂ 'ਤੇ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 7 ਛੱਕੇ ਅਤੇ 4 ਚੌਕੇ ਲਗਾਏ।
ਨਿਤੀਸ਼ ਦੇ ਆਊਟ ਹੁੰਦੇ ਹੀ ਰਿੰਕੂ ਸਿੰਘ ਨੇ 26 ਗੇਂਦਾਂ 'ਚ ਅਰਧ ਸੈਂਕੜਾ ਜੜ ਦਿੱਤਾ। ਰਿੰਕੂ ਨੇ ਆਪਣੀ ਪਾਰੀ 'ਚ 3 ਛੱਕੇ ਅਤੇ 5 ਚੌਕੇ ਲਗਾਏ। ਇਸ ਕਾਰਨ ਭਾਰਤੀ ਟੀਮ ਨੇ 9 ਵਿਕਟਾਂ ਗੁਆ ਕੇ 221 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਰਿਸ਼ਾਦ ਹੁਸੈਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦਕਿ ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ ਅਤੇ ਤਨਜ਼ੀਮ ਹਸਨ ਸਾਕਿਬ ਨੇ 2-2 ਵਿਕਟਾਂ ਹਾਸਲ ਕੀਤੀਆਂ।