IND vs AUS 1st Test Day 3 Stumps : ਆਸਟ੍ਰੇਲੀਆ ਨੂੰ ਜਿੱਤ ਲਈ ਚਾਹੀਦੀਆਂ ਨੇ 522 ਦੌੜਾਂ, ਸਕੋਰ 12/3

Sunday, Nov 24, 2024 - 06:25 PM (IST)

ਪਰਥ– ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਤਜਰਬੇਕਾਰ ਵਿਰਾਟ ਕੋਹਲੀ ਦੇ ‘ਚਿਰਾਂ ਤੋਂ ਉਡੀਕੇ ਜਾ ਰਹੇ’ ਸੈਂਕੜੇ ਨਾਲ ਆਸਟ੍ਰੇਲੀਆ ਨੂੰ 534 ਦੌੜਾਂ ਦਾ ਰਿਕਾਰਡ ਟੀਚਾ ਦੇਣ ਤੋਂ ਬਾਅਦ ਭਾਰਤ ਨੇ ਮੇਜ਼ਬਾਨ ਟੀਮ ਦਾ ਸਕੋਰ 3 ਵਿਕਟਾਂ ’ਤੇ 12 ਦੌੜਾਂ ਕਰਕੇ ਐਤਵਾਰ ਨੂੰ ਇੱਥੇ 5 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਦੇ ਤੀਜੇ ਦਿਨ ਆਪਣਾ ਪੱਲੜਾ ਭਾਰੀ ਰੱਖਿਆ। ਜਸਪ੍ਰੀਤ ਬੁਮਰਾਹ (1 ਦੌੜ ’ਤੇ 2 ਵਿਕਟਾਂ) ਤੇ ਮੁਹੰਮਦ ਸਿਰਾਜ (7 ਦੌੜਾਂ ’ਤੇ 1 ਵਿਕਟ) ਨੇ 4.2 ਓਵਰਾਂ ਵਿਚ ਆਸਟ੍ਰੇਲੀਆ ਨੂੰ 3 ਝਟਕੇ ਦੇ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਬੁਮਰਾਹ ਨੇ ਪਾਰੀ ਦੇ ਪਹਿਲੇ ਹੀ ਓਵਰ ਵਿਚ ਨਾਥਨ ਮੈਕਸਵੀਨੀ (0) ਨੂੰ ਐੱਲ. ਬੀ. ਡਬਲਯੂ. ਕੀਤਾ ਜਿਸ ਤੋਂ ਬਾਅਦ ਸਿਰਾਜ ਨੇ ਕਪਤਾਨ ਪੈਟ ਕਮਿੰਸ (2) ਨੂੰ ਸਲਿਪ ਵਿਚ ਕੋਹਲੀ ਦੇ ਹੱਥੋਂ ਕੈਚ ਕਰਵਾਇਆ। ਬੁਮਰਾਹ ਨੇ ਸਟਾਰ ਬੱਲੇਬਾਜ਼ ਮਾਰਨਸ ਲਾਬੂਸ਼ੇਨ (3) ਨੂੰ ਐੱਲ. ਬੀ. ਡਬਲਯੂ. ਕੀਤਾ ਜਿਹੜੀ ਦਿਨ ਦੀ ਆਖਰੀ ਗੇਂਦ ਸਾਬਤ ਹੋਈ। ਦਿਨ ਦੀ ਖੇਡ ਖਤਮ ਹੋਣ ’ਤੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜ਼ਾ 3 ਦੌੜਾਂ ਬਣਾ ਕੇ ਖੇਡ ਰਿਹਾ ਸੀ। ਆਸਟ੍ਰੇਲੀਆ ਨੂੰ ਅਜੇ ਵੀ ਜਿੱਤ ਲਈ 522 ਦੌੜਾਂ ਜਦਕਿ ਭਾਰਤ ਨੂੰ ਸਿਰਫ 7 ਵਿਕਟਾਂ ਦੀ ਲੋੜ ਹੈ।

ਇਸ ਤੋਂ ਪਹਿਲਾਂ ਜਾਇਸਵਾਲ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦੀ ਝਲਕ ਪੇਸ਼ ਕਰਦੇ ਹੋਏ ਆਸਟ੍ਰੇਲੀਆ ਵਿਚ ਆਪਣੇ ਪਹਿਲੇ ਹੀ ਟੈਸਟ ਵਿਚ 161 ਦੌੜਾਂ ਬਣਾਈਆਂ। ਦਸੰਬਰ ਵਿਚ 23 ਸਾਲ ਦੇ ਹੋਣ ਜਾ ਰਹੇ ਜਾਇਸਵਾਲ ਨੇ ਆਪਣੀ ਪਾਰੀ ਦੌਰਾਨ 297 ਗੇਂਦਾਂ ਦਾ ਸਾਹਮਣਾ ਕਰਦੇ ਹੋਏ 15 ਚੌਕੇ ਤੇ 3 ਛੱਕੇ ਲਾਏ। ਉਸ ਨੇ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ ਰਿਕਾਰਡ 201 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਇਸਵਾਲ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਜਦੋਂ ਸੰਕਟ ਵਿਚ ਘਿਰੀ ਤਾਂ ਮੋਰਚਾ 36 ਸਾਲਾ ਕੋਹਲੀ (ਅਜੇਤੂ 100) ਨੇ ਸੰਭਾਲਿਆ ਤੇ ਜੁਲਾਈ 2023 ਤੋਂ ਬਾਅਦ ਆਪਣਾ ਪਹਿਲਾ ਤੇ ਕੁਲ 30ਵਾਂ ਟੈਸਟ ਸੈਂਕੜਾ ਲਾਇਆ। ਉਸ ਨੇ ਵਾਸ਼ਿੰਗਟਨ ਸੁੰਦਰ (29) ਨਾਲ 6ਵੀਂ ਵਿਕਟ ਲਈ 89 ਦੌੜਾਂ ਜਦਕਿ ਨਿਤਿਸ਼ ਕੁਮਾਰ ਰੈੱਡੀ (ਅਜੇਤੂ 38) ਨਾਲ 7ਵੀਂ ਵਿਕਟ ਦੀ 77 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
 


Tarsem Singh

Content Editor

Related News