ਗੁਲਬਦਿਨ ਦੇ ਅਰਧ ਸੈਂਕੜੇ ਦੀ ਬਦੌਲਤ ਅਫ਼ਗਾਨਿਸਤਾਨ ਨੇ ਬਣਾਈਆਂ 172 ਦੌੜਾਂ, ਭਾਰਤ ਨੂੰ ਦਿੱਤਾ 173 ਦੌੜਾਂ ਦਾ ਟੀਚਾ
Sunday, Jan 14, 2024 - 08:45 PM (IST)
ਸਪੋਰਟਸ ਡੈਸਕ- ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੱਧ-ਪ੍ਰਦੇਸ਼ ਦੇ ਹੋਲਕਰ ਸਟੇਡੀਅਮ ਵਿਖੇ ਖੇਡੇ ਜਾ ਰਹੇ ਲੜੀ ਦੇ ਦੂਜੇ ਟੀ-20 ਮੁਕਾਬਲੇ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਪਾਰੀ ਦੇ ਪੂਰੇ 20 ਓਵਰ ਖੇਡ ਕੇ 172 ਦੌੜਾਂ ਬਣਾਈਆਂ।
ਪਾਰੀ ਦੀ ਸ਼ੁਰੂਆਤ ਕਰਦਿਆਂ ਅਫ਼ਗਾਨਿਸਤਾਨ ਵੱਲੋਂ ਓਪਨਰ ਰਹਿਮਾਨੁੱਲਾ ਗੁਰਬਾਜ਼ ਨੇ 14 ਤੇ ਇਬਰਾਹਿਮ ਜ਼ਾਦਰਾਨ ਨੇ 8 ਦੌੜਾਂ ਬਣਾਈਆਂ। ਟੀਮ ਲਈ ਸਭ ਤੋਂ ਵੱਧ ਦੌੜਾਂ ਗੁਲਬਦਿਨ ਨਾਈਬ ਨੇ ਬਣਾਈਆਂ, ਜਿਸ ਨੇ 35 ਗੇਂਦਾਂ 'ਚ 5 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 57 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
ਇਸ ਤੋਂ ਇਲਾਵਾ ਨਜੀਬੁੱਲਾ ਜ਼ਾਦਰਾਨ ਨੇ 23, ਕਰੀਮ ਜੰਨਤ ਨੇ 20 ਅਤੇ ਮੁਜੀਬ-ਉਰ-ਰਹਿਮਾਨ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਟਿਕ ਕੇ ਨਾ ਕੇਡ ਸਕਿਆ ਅਤੇ ਪੂਰੀ ਟੀਮ 20 ਓਵਰਾਂ 'ਚ 172 ਦੌੜਾਂ ਬਣਾ ਕੇ ਆਲ-ਆਊਟ ਹੋ ਗਈ।
ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 32 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਰਵੀ ਬਿਸ਼ਨੋਈ ਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ। ਸ਼ਿਵਮ ਦੁਬੇ ਨੇ ਵੀ 1 ਅਫ਼ਗਾਨੀ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਤਰ੍ਹਾਂ ਅਫ਼ਗਾਨਿਸਤਾਨ ਨੇ ਭਾਰਤ ਨੂੰ ਜਿੱਤ ਲਈ 173 ਦੌੜਾਂ ਦਾ ਟੀਚਾ ਦਿੱਤਾ ਹੈ।