IND vs SA: ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਰੱਦ ਹੋ ਸਕਦੈ ਪਹਿਲਾ ਵਨ ਡੇਅ ਮੈਚ
Wednesday, Mar 11, 2020 - 02:32 PM (IST)
ਨਵੀਂ ਦਿੱਲੀ– ਨਿਊਜ਼ੀਲੈਂਡ ਦੇ ਹੱਥੋਂ ਲਗਾਤਾਰ 5 ਮੈਚ (3 ਵਨ ਡੇਅ ਅਤੇ 2 ਟੈਸਟ) ਹਾਰਨ ਤੋਂ ਬਾਅਦ ਭਾਰਤੀ ਟੀਮ 12 ਮਾਰਚ ਤੋਂ ਦੱਖਣੀ ਅਫਰੀਕਾ ਦੇ ਨਾਲ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਖੇਡੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ ਧਰਮਸ਼ਾਲਾ ’ਚ ਖੇਡਿਆ ਜਾਵੇਗਾ ਅਤੇ ਦੋਵੇਂ ਟੀਮਾਂ ਉਥੇ ਪਹੁੰਚ ਚੁੱਕੀਆਂ ਹਨ। ਹਾਲਾਂਕਿ, ਵੈਦਰ ਫਾਰਕਾਸਟ ’ਤੇ ਨਜ਼ਰ ਮਾਰੀਏ ਤਾਂ ਅਜਿਹਾ ਲਗਦਾ ਹੈ ਕਿ ਕੱਲ੍ਹ (12 ਮਾਰਚ 2020) ਦਾ ਮੈਚ ਹੋਣਾ ਸੰਭਵ ਨਹੀਂ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਓਰੇਂਜ ਅਲਰਟ
ਦਰਅਸਲ, ਧਰਮਸ਼ਾਲਾ ਕ੍ਰਿਕੇਟ ਗ੍ਰਾਊਂਡ ’ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 1:30 ਵਜੇ ਸ਼ੁਰੂ ਹੋਵੇਗਾ। ਉਥੇ ਹੀ ਮੌਸਮ ਵਿਭਾਗ ਮੁਤਾਬਕ, ਇਸ ਦੌਰਾਨ ਬਾਰਸ਼ ਰੁਕਾਵਟ ਬਣ ਸਕਦੀ ਹੈ। ਉਥੇ ਹੀ ਬਾਰਸ਼ ਨੂੰ ਲੈ ਕੇ ਸ਼ਿਮਲਾ ਕੇਂਦਰ ਨੇ ਓਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਤੂਫਾਨ ਦੀ ਸੰਭਾਵਨਾ ਹੈ। ਇਸ ਲਿਹਾਜ ਨਾਲ ਮੈਚ ਸ਼ੁਰੂ ਹੋਵੇਗਾ ਵੀ ਜਾਂ ਨਹੀਂ, ਇਹ ਕਹਿਣਾ ਕਾਫੀ ਮੁਸ਼ਕਲ ਲੱਗ ਰਿਹਾ ਹੈ।
ਬਿਨਾਂ ਗੇਂਦ ਸੁੱਟੇ ਰੱਦ ਹੋ ਗਿਆ ਸੀ ਆਖਰੀ ਮੁਕਾਬਲਾ
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਿਛਲਾ ਮੁਕਾਬਲਾ ਵੀ ਇਥੇ ਹੋਣਾ ਸੀ ਪਰ ਉਹ ਵੀ ਬਾਰਸ਼ ਕਾਰਨ ਰੱਦ ਹੋ ਗਿਆ ਸੀ। ਪਿਛਲੇ ਸਾਲ 15 ਸਤੰਬਰ 2019 ਨੂੰ ਦੋਵਾਂ ਟੀਮਾਂ ਵਿਚਕਾਰ ਟੀ-20 ਸੀਰੀਜ਼ ਦਾ ਪਹਿਲੀ ਮੁਕਾਬਲਾ ਧਰਮਸ਼ਾਲਾ ’ਚ ਰੱਖਿਆ ਗਿਆ ਸੀ।