ਸਿੰਧੂ ਇੰਡੀਆ ਓਪਨ ਦੇ ਪਹਿਲੇ ਦੌਰ ਵਿਚੋਂ ਬਾਹਰ, ਸੇਨ ਨੇ ਪ੍ਰਣਯ ਨੂੰ ਹਰਾਇਆ
Wednesday, Jan 18, 2023 - 12:35 PM (IST)

ਨਵੀਂ ਦਿੱਲੀ (ਭਾਸ਼ਾ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਇੱਥੇ ਪਹਿਲੇ ਦੌਰ ਵਿਚ ਹੀ ਹਾਰ ਕੇ ਬਾਹਰ ਹੋ ਗਈ ਪਰ ਪੁਰਸ਼ ਸਿੰਗਲਜ਼ ਵਿਚ ਮੌਜੂਦਾ ਚੈਂਪੀਅਨ ਲਕਸ਼ੈ ਸੇਨ ਨੇ ਹਮਵਤਨ ਐੱਚ. ਐੱਸ. ਪ੍ਰਣਯ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਸਾਬਕਾ ਚੈਂਪੀਅਨ ਤੇ ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰੀ ਸਿੰਧੂ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਥਾਈਲੈਂਡ ਦੀ ਦੁਨੀਆ ਦੀ 30ਵੇਂ ਨੰਬਰ ਦੀ ਖਿਡਾਰਨ ਸੁਪਾਨਿਦਾ ਕੇਟਥੋਂਗ ਵਿਰੁੱਧ ਸਿੱਧੇ ਸੈੱਟਾਂ ਵਿਚ 12-21, 22-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੁਪਾਨਿਦਾ ਨੇ ਪਿਛਲੀ ਵਾਰ ਵੀ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸਿੰਧੂ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ ’ਚ ਖੇਡ ਰਹੀਆਂ ਨੇ ਕਈ ਭਰਾਵਾਂ ਦੀਆਂ ਜੋੜੀਆਂ
ਵਿਸ਼ਵ ਵਿਚ 12ਵੇਂ ਨੰਬਰ ਦੇ ਖਿਡਾਰੀ ਤੇ ਇੱਥੇ 7ਵਾਂ ਦਰਜਾ ਪ੍ਰਾਪਤ ਸੇਨ ਨੇ ਸ਼ਾਨਦਾਰ ਖੇਡ ਦਾ ਨਜ਼ਾਰਾ ਪੇਸ਼ ਕਰਕੇ ਵਿਸ਼ਵ ਵਿਚ ਨੌਵੇਂ ਨੰਬਰ ਦੇ ਖਿਡਾਰੀ ਪ੍ਰਣਯ ਤੋਂ ਮਲੇਸ਼ੀਆ ਓਪਨ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਸੇਨ ਨੇ ਇੱਥੇ ਖੇਡੇ ਗਏ ਮੈਚ ਵਿਚ ਪ੍ਰਣਯ ਨੂੰ 21-14, 21-15 ਨਾਲ ਹਰਾਇਆ। ਪੁਰਸ਼ ਡਬਲਜ਼ ਵਿਚ ਮੌਜੂਦਾ ਚੈਂਪੀਅਨ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸਕਾਟਲੈਂਡ ਦੇ ਕ੍ਰਿਸਟੋਫਰ ਗ੍ਰਿਮਲੀ ਤੇ ਮੈਥਿਊ ਗ੍ਰਿਮਲੀ ਨੂੰ 21-13, 21-15 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ।
ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਮਹਿਲਾ ਡਬਲਜ਼ ਵਿਚ ਫਰਾਂਸ ਦੀ ਮਾਰਗ੍ਰੇਟ ਲੈਮਬਰਟ ਤੇ ਐਨੀ ਟ੍ਰਾਨ ਦੀ ਦੁਨੀਆ ਵਿਚ 29ਵੇਂ ਨੰਬਰ ਦੀ ਜੋੜੀ ਨੂੰ 22-20, 17-21, 21-18 ਨਾਲ ਹਰਾਇਆ। ਮਹਿਲਾ ਡਬਲਜ਼ ਵਿਚ ਹੀ ਐੱਨ. ਸਿੱਕੀ ਰੈੱਡੀ ਤੇ ਉਸਦੀ ਨਵੀਂ ਜੋੜੀਦਾਰ ਸ਼ਰੁਤੀ ਮਿਸ਼ਰਾ ਜਰਮਨੀ ਦੀ ਲਿੰਡਾ ਐਲਫਰ ਤੇ ਇਸਾਬੇਲ ਲੋਹਾਓ ਤੋਂ 17-21, 19-21 ਨਾਲ ਹਾਰ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।