ਹੋਲਕਰ ਮੈਦਾਨ ''ਚ ਫਿਰ ਚੱਲੇਗਾ ਵਿਰਾਟ ਦਾ ਬੱਲਾ, ਯਾਦ ਆਵੇਗਾ ਦੋਹਰਾ ਸੈਂਕਡ਼ਾ!

11/13/2019 1:44:27 PM

ਇੰਦੌਰ :  ਇੰਦੌਰ ਦਾ ਹੋਲਕਰ ਸਟੇਡੀਅਮ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਕਰੀਅਰ ਦੇ ਦੂਜੇ ਦੋਹਰੇ ਸੈਂਕੜੇ ਦਾ ਗਵਾਹ ਹੈ। ਹੋਲਕਰ ਸਟੇਡੀਅਮ ਵਿਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਵੀਰਵਾਰ ਤੋਂ ਖੇਡਿਆ ਜਾਣਾ ਹੈ। ਹੋਲਕਰ ਮੈਦਾਨ 'ਤੇ ਭਾਰਤ ਦਾ ਇਹ ਦੂਜਾ ਟੈਸਟ ਮੈਚ ਹੋਵੇਗਾ, ਜਦਕਿ ਬੰਗਲਾਦੇਸ਼ ਦੀ ਟੀਮ ਇਸ ਮੈਦਾਨ 'ਤੇ ਪਹਿਲਾ ਟੈਸਟ ਮੈਚ ਖੇਡੇਗੀ। ਦੋਵਾਂ ਦੇਸ਼ਾਂ ਵਿਚਾਲੇ ਇਸ ਤੋਂ ਪਹਿਲਾਂ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ, ਜਿਸ ਨੂੰ ਭਾਰਤ ਨੇ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 2-1 ਨਾਲ ਜਿੱਤਿਆ ਸੀ। ਇਸ ਮੈਦਾਨ 'ਤੇ ਇਸ ਤੋਂ ਪਹਿਲਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਅਕਤੂਬਰ 2016 ਵਿਚ ਖੇਡਿਆ ਗਿਆ ਸੀ, ਜਿਸ ਨੂੰ ਭਾਰਤ ਨੇ 321 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ। ਭਾਰਤ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ 'ਤੇ 557 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ, ਜਿਸ ਵਿਚ ਕਪਤਾਨ ਵਿਰਾਟ ਕੋਹਲੀ ਨੇ 211 ਤੇ ਅਜਿੰਕਯ ਰਹਾਨੇ ਨੇ 188 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਦੀ ਪਹਿਲੀ ਪਾਰੀ 299 ਦੌੜਾਂ 'ਤੇ ਸਿਮਟ ਗਈ ਸੀ। ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ 81 ਦੌੜਾਂ 'ਤੇ 6 ਵਿਕਟਾਂ ਲਈਆਂ ਸਨ।

PunjabKesari

ਭਾਰਤ ਨੇ ਆਪਣੀ ਦੂਜੀ ਪਾਰੀ 3 ਵਿਕਟਾਂ 'ਤੇ 216 ਦੌੜਾਂ 'ਤੇ ਖਤਮ ਐਲਾਨ ਕਰ ਕੇ ਨਿਊਜ਼ੀਲੈਂਡ ਸਾਹਮਣੇ 475 ਦੌੜਾਂ ਦਾ ਟੀਚਾ ਰੱਖ ਦਿੱਤਾ। ਭਾਰਤ ਦੀ ਦੂਜੀ ਪਾਰੀ ਵਿਚ ਚੇਤੇਸ਼ਵਰ ਪੁਜਾਰਾ ਨੇ ਅਜੇਤੂ 101 ਦੌੜਾਂ ਬਣਾਈਆਂ। ਵੱਡੇ ਟੀਚੇ ਸਾਹਮਣੇ ਨਿਊਜ਼ੀਲੈਂਡ ਦੀ ਟੀਮ 153 ਦੌੜਾਂ 'ਤੇ ਢੇਰ ਹੋ ਗਈ। ਅਸ਼ਵਿਨ ਨੇ ਦੂਜੀ ਪਾਰੀ 'ਚ 59 ਦੌੜਾਂ 'ਤੇ 7 ਵਿਕਟਾਂ ਲੈ ਕੇ ਮੈਚ ਵਿਚ 13 ਵਿਕਟਾਂ ਪੂਰੀਆਂ ਕੀਤੀਆਂ ਤੇ 'ਪਲੇਅਰ ਆਫ ਦਿ ਮੈਚ' ਦੇ ਨਾਲ 'ਪਲੇਅਰ ਆਫ ਦਿ ਸੀਰੀਜ਼' ਵੀ ਬਣ ਗਿਆ। ਕਪਤਾਨ ਵਿਰਾਟ ਲਈ ਸਾਲ 2016 ਕਾਫੀ ਸ਼ਾਨਦਾਰ ਰਿਹਾ ਸੀ, ਜਿਸ ਵਿਚ ਉਸ ਨੇ ਤਿੰਨ ਦੋਹਰੇ ਸੈਂਕੜੇ ਬਣਾਏ ਸਨ। ਸਾਲ 2016 ਵਿਚ ਉਸ ਨੇ ਵੈਸਟਇੰਡੀਜ਼ ਵਿਰੁੱਧ ਨਾਰਥ ਸਾਊਂਡ ਵਿਚ 200 ਦੌੜਾਂ ਤੇ ਇੰਗਲੈਂਡ ਵਿਰੁੱਧ ਮੁੰਬਈ ਵਿਚ 235 ਦੌੜਾਂ ਬਣਾਈਆਂ ਸਨ। ਹਾਲ ਹੀ ਵਿਚ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ਵਿਚ ਅਜੇਤੂ 254 ਦੌੜਾਂ ਦੀ ਆਪਣੀ ਸਰਵਸ੍ਰੇਸ਼ਠ ਪਾਰੀ ਖੇਡਣ ਵਾਲਾ ਵਿਰਾਟ ਆਪਣੇ ਕਰੀਅਰ ਵਿਚ 26 ਸੈਂਕੜੇ ਬਣਾ ਚੁੱਕਾ ਹੈ ਤੇ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਹੈ।

PunjabKesari


Related News