ਕ੍ਰਿਕਟ ਐਸੋਸੀਏਸ਼ਨ ਆਫ ਉੱਤਰਾਖੰਡ ਵਿਵਾਦ ’ਚ ਮੁੱਖ ਕੋਚ ਸਮੇਤ 3 ਅਧਿਕਾਰੀਆਂ ’ਤੇ ਐੱਫ. ਆਈ. ਆਰ.

Friday, Jul 15, 2022 - 12:27 PM (IST)

ਕ੍ਰਿਕਟ ਐਸੋਸੀਏਸ਼ਨ ਆਫ ਉੱਤਰਾਖੰਡ ਵਿਵਾਦ ’ਚ ਮੁੱਖ ਕੋਚ ਸਮੇਤ 3 ਅਧਿਕਾਰੀਆਂ ’ਤੇ ਐੱਫ. ਆਈ. ਆਰ.

ਸਪੋਰਟਸ ਡੈਸਕ-  ਕ੍ਰਿਕਟ ਐਸੋਸੀਏਸ਼ਨ ਆਫ ਉੱਤਰਾਖੰਡ (ਸੀ. ਏ. ਯੂ.) ’ਤੇ ਖਿਡਾਰੀਆਂ ਨੂੰ ਧਮਕਾਉਣ ਤੋਂ ਲੈ ਕੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਉੱਤਰਾਖੰਡ ਦੇ ਕ੍ਰਿਕਟਰ ਕਰੋੜਾਂ ਰੁਪਏ ਦੇ ਬੋਝ ਹੇਠ ਦੱਬੇ ਹੋਏ ਹਨ। ਉਨ੍ਹਾਂ ਦੀ ਡਾਈਟ ’ਚ ਸ਼ਾਮਲ ਕੇਲਿਆਂ ਦਾ ਬਿੱਲ 35 ਲੱਖ ਤੇ ਪਾਣੀ ਦੀਆਂ ਬੋਤਲਾਂ ਦਾ 22 ਲੱਖ ਰੁਪਏ ਆਇਆ ਹੈ। ਸਮੱਸਿਆ ਬਕਾਇਆ ਪੈਸੇ ਤੇ ਚੋਣ ਦੇ ਨਾਂ ’ਤੇ ਹੋਣ ਵਾਲੀ ਧਾਂਦਲੀ ਵੀ ਹੈ। ਪੁਲਸ ਨੇ ਉੱਤਰਾਖੰਡ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਮਾਹਿਮ ਵਰਮਾ, ਟੀਮ ਦੇ ਮੁੱਖ ਕੋਚ ਮਨੀਸ਼ ਝਾਅ ਅਤੇ ਐਸੋਸੀਏਸ਼ਨ ਦੇ ਬੁਲਾਰੇ ਸੰਜੇ ਗੋਸਾਈਂ ਤੋਂ ਪੁੱਛਗਿੱਛ ਕੀਤੀ ਹੈ। ਇਨ੍ਹਾਂ ਸਾਰਿਆਂ ਦੇ ਨਾਂ ਉਸ ਐੱਫ. ਆਈ. ਆਰ. ’ਚ ਦਰਜ ਹਨ, ਜੋ ਭਾਰਤ ਦੇ ਸਾਬਕਾ ਅੰਡਰ-19 ਕ੍ਰਿਕਟਰ ਦੇ ਪਿਤਾ ਦੇ ਬੇਟੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਲਿਖਵਾਈ ਹੈ। ਦੇਹਰਾਦੂਨ ਦੇ ਐੱਸ. ਐੱਸ. ਪੀ. ਜਨਮੇਜੇ ਖੰਡੂਰੀ ਦਾ ਕਹਿਣਾ ਹੈ ਕਿ ਪਿਛਲੇ 3 ਦਿਨਾਂ ’ਚ ਉਨ੍ਹਾਂ ਮਹਿਮ ਵਰਮਾ, ਮਨੀਸ਼ ਝਾਅ ਤੇ ਸੰਜੇ ਗੋਸਾਈਂ ਨੂੰ ਅਲੱਗ-ਅਲੱਗ ਬੁਲਾਇਆ ਹੈ। ਅਸੀਂ ਉਨ੍ਹਾਂ ਦੇ ਬਿਆਨ ਨੋਟ ਕੀਤੇ ਹਨ। ਲੋੜ ਪਈ ਤਾਂ ਅਸੀਂ ਉਨ੍ਹਾਂ ਨੂੰ ਦੁਬਾਰਾ ਕਾਲ ਕਰਾਂਗੇ ਤੇ ਪੁੱਛਗਿੱਛ ਕਰਾਂਗੇ।

ਇਹ ਵੀ ਪੜ੍ਹੋ : ਸਪੇਨ ਦੇ ਖ਼ਿਲਾਫ਼ ਹਾਰ ਤੋਂ ਨਿਰਾਸ਼ ਪਰ ਰਾਸ਼ਟਰ ਮੰਡਲ ਖੇਡਾਂ ਲਈ ਪ੍ਰਦਰਸ਼ਨ 'ਚ ਕਰਾਂਗੇ ਸੁਧਾਰ : ਨਵਨੀਤ

ਉਤਰਾਖੰਡ ਕ੍ਰਿਕਟ ਦੇ ਅਧਿਕਾਰੀਆਂ ਖਿਲਾਫ ਦੇਹਰਾਦੂਨ ਦੇ ਵਸੰਤ ਵਿਹਾਰ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਹੋਈ ਹੈ। ਇਸ ’ਚ ਧਾਰਾ 120ਬੀ, ਧਾਰਾ 323, ਧਾਰਾ 384, ਧਾਰਾ 504 ਤੇ 506 ਲਗਾਈ ਗਈ ਹੈ। ਇਸ ਨੂੰ ਸਾਬਕਾ ਭਾਰਤੀ ਅੰਡਰ-19 ਕ੍ਰਿਕਟਰ ਆਰੀਆ ਸੇਠੀ ਦੇ ਪਿਤਾ ਵਰਿੰਦਰ ਸੇਠੀ ਨੇ ਦਰਜ ਕਰਵਾਇਆ ਹੈ। ਉਨ੍ਹਾਂ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਮਨੀਸ਼ ਝਾਅ, ਟੀਮ ਮੈਨੇਜਰ ਨਵਨੀਤ ਮਿਸ਼ਰਾ, ਵੀਡੀਓ ਐਨਾਲਿਸਟ ਪਿਊਸ਼ ਰਘੂਵੰਸ਼ੀ ਨੇ ਪਿਛਲੇ ਸਾਲ ਵਿਜੇ ਹਜ਼ਾਰੇ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਵਰਮਾ ਨੇ ਉਸ ਨੂੰ 10 ਲੱਖ ਰੁਪਏ ਦੇਣ ’ਤੇ ਉਨ੍ਹਾਂ ਦੇ ਬੇਟੇ ਨੂੰ ਸਟੇਟ ਟੀਮ ’ਚ ਸ਼ਾਮਿਲ ਕਰਨ ਨੂੰ ਕਿਹਾ ਸੀ।

ਬੀ. ਸੀ. ਸੀ. ਆਈ. ਦੇਵੇ ਦਖਲ


ਇੰਨਾ ਹੀ ਨਹੀਂ ਉੱਤਰਾਖੰਡ ਦੇ ਐੱਮ. ਐੱਲ. ਏ. ਉਮੇਸ਼ ਕੁਮਾਰ ਨੇ ਉੱਤਰਾਖੰਡ ਵਿਧਾਨ ਸਭਾ ’ਚ ਵੀ ਇਹ ਮਾਮਲਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਸੀ. ਏ. ਯੂ. ਪ੍ਰੋਫੈਸ਼ਨਲ ਫੀਸ ਦੇ ਨਾਂ ’ਤੇ 6.5 ਕਰੋੜ ਰੁਪਏ ਖਰਚ ਕੀਤੇ। ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਪੈਸਾ ਕਿਸ ਨੂੰ ਦਿੱਤਾ ਗਿਆ ਸੀ। ਮਾਰਚ 2020 ਤੋਂ ਪਹਿਲਾਂ ਪ੍ਰੋਫੈਸ਼ਨਲ ਫੀਸ 2.75 ਕਰੋੜ ਸੀ ਤੇ ਕੋਵਿਡ ਦੌਰਾਨ, 1.27 ਕਰੋੜ ਦਾ ਬਿੱਲ ਸਿਰਫ ਦੁਪਹਿਰ ਤੇ ਰਾਤ ਦੇ ਖਾਣੇ ਲਈ ਕਿਵੇਂ ਬਣ ਗਿਆ? ਕੀ ਉਨ੍ਹਾਂ ਨੇ ਇਕ ਪ੍ਰੋਫੈਸ਼ਨਲ ਕੋਚ ਨਿਯੁਕਤ ਕੀਤਾ ਸੀ? ਬੀ. ਸੀ. ਸੀ. ਆਈ. ਨੂੰ ਇਸ ’ਚ ਦਖਲ ਦੇਣਾ ਚਾਹੀਦਾ ਹੈ। ਉਸ ਨੂੰ ਇੱਥੇ ਵੱਡੀ ਧਾਂਦਲੀ ਮਿਲੇਗੀ, ਜੇ ਲੋੜ ਪਈ ਤਾਂ ਮੈਂ ਆਪਣੇ ਨਾਲ 12 ਐੱਮ. ਐੱਲ. ਐੱਲ. ਨੂੰ ਲੈ ਕੇ ਸੁਪਰੀਮ ਕੋਰਟ ਤੱਕ ਜਾਵਾਂਗੇ।

ਇਹ ਵੀ ਪੜ੍ਹੋ : ਗ੍ਰੇਟ ਖਲੀ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਤੋਂ ਬਾਅਦ ਮੰਗਿਆ ਇਨਸਾਫ਼

ਰੋਜ਼ਾਨਾ ਦਿੱਤੇ ਜਾਂਦੇ ਸਨ 100 ਰੁਪਏ ਪ੍ਰਤੀ


ਖਿਡਾਰੀਆਂ ਨੂੰ ਬੀ. ਸੀ. ਸੀ. ਆਈ. ਵੱਲੋਂ 1500 ਰੁਪਏ ਪ੍ਰਤੀ ਦਿਨ ਭੱਤਾ ਦਿੱਤਾ ਜਾਂਦਾ ਹੈ, ਪਰ ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ 100 ਰੁਪਏ ਪ੍ਰਤੀ ਦਿਨ ਹੀ ਦਿੱਤੇ ਗਏ।

ਸੀ. ਏ. ਯੂ. ਮਾਰਚ 2020 ਤੱਕ ਦੀ ਆਪਣੀ ਆਡਿਟ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 1.74 ਕਰੋੜ ਰੁਪਏ ਫੂਡ ਕੈਟਰਿੰਗ ਅਤੇ 49 ਲੱਖ ਰੁਪਏ ਰੋਜ਼ਾਨਾ ਭੱਤੇ ’ਤੇ ਖਰਚ ਕੀਤੇ ਗਏ। ਇਸ ’ਚ ਕੇਲਿਆਂ ਦਾ ਬਿੱਲ 35 ਲੱਖ ਤੇ ਪਾਣੀ ਦੀਆਂ ਬੋਤਲਾਂ ਦਾ 22 ਲੱਖ ਰੁਪਏ ਸੀ। ਉੱਤਰਾਖੰਡ ਟੀਮ ਦੇ ਬਾਹਰੀ ਪੇਸ਼ੇਵਰ ਰੌਬਿਨ ਬਿਸ਼ਟ ਨੇ ਵੀ ਸੇਠੀ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਨਾਲ ਹੀ ਮੁੰਬਈ ਖਿਲਾਫ ਹਾਲ ਹੀ ’ਚ ਹੋਏ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਤੋਂ ਪਹਿਲਾਂ ਦੀ ਇਕ ਘਟਨਾ ਨੂੰ ਵੀ ਯਾਦ ਕੀਤਾ।

ਇਹ ਵੀ ਪੜ੍ਹੋ : ENG v IND 2nd ODI: ਇੰਗਲੈਂਡ ਨੇ ਭਾਰਤ ਨੂੰ 100 ਦੌੜਾਂ ਨਾਲ ਹਰਾਇਆ

ਸਾਨੂੰ ਭੋਜਨ ਨਹੀਂ ਦਿੱਤਾ ਗਿਆ


ਉੱਤਰਾਖੰਡ ਕ੍ਰਿਕਟ ਟੀਮ ਇਹ ਮੈਚ ਮੁੰਬਈ ਤੋਂ ਰਿਕਾਰਡ 725 ਦੌੜਾਂ ਨਾਲ ਹਾਰ ਗਈ ਸੀ। ਇਹ ਪਹਿਲੀ ਸ਼੍ਰੇਣੀ ਕ੍ਰਿਕਟ ਦੇ 250 ਸਾਲਾਂ ਦੇ ਇਤਿਹਾਸ ’ਚ ਦੌੜਾਂ ਦੇ ਮਾਮਲੇ ’ਚ ਕਿਸੇ ਟੀਮ ਦੀ ਸਭ ਤੋਂ ਵੱਡੀ ਹਾਰ ਸੀ। ਬਿਸ਼ਟ ਨੇ ਕਿਹਾ ਕਿ ਹਾਰ ਤੋਂ ਬਾਅਦ ਅਸੀਂ ਟੀਮ ਹੋਟਲ ਵਾਪਸ ਆ ਗਏ, ਜਦੋਂ ਅਸੀਂ ਖਾਣਾ ਖਾਣ ਗਏ ਤਾਂ ਹੋਟਲ ਸਟਾਫ ਨੇ ਕਿਹਾ ਕਿ ਉਨ੍ਹਾਂ ਨੂੰ ਖਾਣਾ ਪਰੋਸਣ ਦਾ ਆਰਡਰ ਨਹੀਂ ਹੈ, ਜਦੋਂ ਟੀਮ ਮੈਨੇਜਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ, ਸਵਿਗੀ ਜਾਂ ਜ਼ੋਮੈਟੋ ਤੋਂ ਕੁਝ ਆਰਡਰ ਕਰੋ ਜਾਂ ਭੁੱਖੇ ਰਹੋ। (ਇਕ ਦਿਨ ਖਾਣਾ ਨਹੀਂ ਖਾਓਗੇ ਤਾਂ ਮਰ ਨਹੀਂ ਜਾਵੋਗੇ) ਅਗਲੇ ਦਿਨ ਅਸੀਂ ਫਲਾਈਟ ਰਾਹੀਂ ਦਿੱਲੀ ਪਹੁੰਚ ਗਏ। ਅਸੀਂ ਦੇਹਰਾਦੂਨ ਜਾਣਾ ਸੀ, ਬੱਸ ਬਾਰੇ ਟੀਮ ਮੈਨੇਜਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੈਬ ਲੈ ਜਾਓ ਜਾਂ ਬੱਸ-ਟਰੇਨ ’ਤੇ ਜਾਓ। ਸਾਡਾ ਕੰਮ ਦਿੱਲੀ ਤੱਕ ਹੀ ਪਹੁੰਚਾਉਣਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News