ਵਨਡੇ ਮੈਚ ’ਚ 100 ਵਿਕਟਾਂ ਪੂਰੀਆਂ ਕਰਨ ਮਗਰੋਂ ਚਾਹਲ ਨੇ ਕਿਹਾ, ‘ਗੁਗਲੀ ਮੇਰਾ ਮਜ਼ਬੂਤ ​​ਹਥਿਆਰ ਹੈ’

Monday, Feb 07, 2022 - 05:23 PM (IST)

ਅਹਿਮਦਾਬਾਦ (ਵਾਰਤਾ): ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਐਤਵਾਰ ਨੂੰ ਇੱਥੇ ਵੈਸਟਇੰਡੀਜ਼ ਖਿਲਾਫ਼ ਪਹਿਲੇ ਵਨਡੇ ਮੈਚ ਵਿਚ 100ਵਾਂ ਵਨਡੇ ਵਿਕਟ ਲੈਣ ਦੀ ਉਪਲੱਬਧੀ ਹਾਸਲ ਕਰਨ ਦੇ ਬਾਅਦ ਕਪਤਾਨ ਰੋਹਿਤ ਸ਼ਰਮਾ ਨਾਲ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਨੇ ਸਾਈਡ ਆਰਮ ਗੇਂਦਬਾਜ਼ੀ ’ਤੇ ਕੰਮ ਕੀਤਾ ਹੈ ਅਤੇ ਗੁਗਲੀ ਗੇਂਦ ਉਨ੍ਹਾਂ ਦਾ ਮਜ਼ਬੂਤ ​​ਹਥਿਆਰ ਹੈ।

ਇਹ ਵੀ ਪੜ੍ਹੋ: BCCI ਦਾ ਐਲਾਨ, ਅੰਡਰ-19 ਵਿਸ਼ਵ ਕੱਪ ਦੇ ਜੇਤੂ ਖਿਡਾਰੀਆਂ ਨੂੰ ਦੇਵੇਗਾ 40-40 ਲੱਖ ਰੁਪਏ

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਟਵਿੱਟਰ ’ਤੇ ਇਕ ਵੀਡੀਓ ਅਪਲੋਡ ਕੀਤੀ, ਜਿਸ ਵਿਚ ਰੋਹਿਤ ਮੈਚ ਤੋਂ ਬਾਅਦ ਚਾਹਲ ਦਾ ਇੰਟਰਵਿਊ ਲੈਂਦੇ ਨਜ਼ਰ ਆ ਰਹੇ ਹਨ। ਇਸ ਵਿਚ ਚਾਹਲ ਨੇ ਰੋਹਿਤ ਵੱਲੋਂ 100 ਵਨਡੇ ਵਿਕਟਾਂ ਦੀ ਉਪਲੱਬਧੀ ਹਾਸਲ ਕਰਨ ਦੇ ਬਾਅਦ ਕਿਵੇਂ ਮਹਿਸੂਸ ਹੋਣ ਬਾਰੇ ਵਿਚ ਪੁੱਛੇ ਜਾਣ ’ਤੇ ਕਿਹਾ, ‘ਇਹ ਇਕ ਚੰਗਾ ਅਹਿਸਾਸ ਹੈ। ਮੇਰੇ ਕਰੀਅਰ ਨੇ ਉਤਾਰ-ਚੜਾਅ ਦੇਖੇ ਹਨ। ਮੈਂ ਵਨਡੇ ਵਿਚ 100 ਵਿਕਟਾਂ ਲੈਣ ਵਿਚ ਸਫ਼ਲ ਰਿਹਾ ਹਾਂ, ਇਹ ਇਕ ਵੱਡਾ ਪਲ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਮੈਂ ਇਹ ਨਹੀਂ ਸੋਚਿਆ ਸੀ ਕਿ ਮੈਂ ਇਹ ਉਪਲੱਬਧੀ ਹਾਸਲ ਕਰ ਲਵਾਂਗਾ। ਮੈਂ ਆਪਣੇ ਐਂਗਲ ਬਦਲ ਲਏ ਹਨ। ਦੂਜੇ ਗੇਂਦਬਾਜ਼ ਸਾਈਡ-ਆਰਮ ਗੇਂਦਬਾਜ਼ੀ ਕਰਦੇ ਸਨ, ਇਸ ਲਈ ਜਦੋਂ ਮੈਂ ਟੀਮ ਵਿਚ ਨਹੀਂ ਸੀ ਤਾਂ ਮੈਂ ਇਸ ’ਤੇ ਕੰਮ ਕੀਤਾ। ਇੰਟਰਵਿਊ ਦੇ ਅੰਤ ਵਿਚ ਚਾਹਲ ਨੂੰ ਵਧਾਈ ਦਿੰਦੇ ਹੋਏ ਰੋਹਿਤ ਨੇ ਕਿਹਾ, ‘ਤੁਸੀਂ ਸਾਡੇ ਲਈ ਬਹੁਤ ਮਹੱਤਵਪੂਰਨ ਖਿਡਾਰੀ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸੇ ਮਾਨਸਿਕਤਾ ਨਾਲ ਖੇਡੋ। ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ, ਇਸ ਲਈ ਮਾਨਸਿਕਤਾ ਨੂੰ ਸਹੀ ਥਾਂ ’ਤੇ ਰੱਖਣਾ ਜ਼ਰੂਰੀ ਹੈ।’

ਇਹ ਵੀ ਪੜ੍ਹੋ: ਜਦੋਂ ਲਤਾ ਜੀ ਨੇ ਪਾਕਿ ਖ਼ਿਲਾਫ਼ ਭਾਰਤੀ ਟੀਮ ਦੀ ਜਿੱਤ ਲਈ ਰੱਖਿਆ ਸੀ 'ਨਿਰਜਲ ਵਰਤ'

ਜ਼ਿਕਰਯੋਗ ਹੈ ਕਿ ਚਾਹਲ ਨੇ ਹੁਣ ਤੱਕ 60 ਵਨਡੇ ਮੈਚਾਂ ਵਿਚ 103 ਵਿਕਟਾਂ ਹਾਸਲ ਕਰ ਲਈਆਂ ਹਨ। ਉਹ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਤੋਂ ਬਾਅਦ ਸਭ ਤੋਂ ਤੇਜ਼ 100 ਵਨਡੇ ਵਿਕਟਾਂ ਪੂਰੀਆਂ ਕਰਨ ਵਾਲੇ ਚੌਥੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਪਹਿਲੇ ਵਨਡੇ ਵਿਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਉਨ੍ਹਾਂ ਨੇ 9.5 ਓਵਰਾਂ ਵਿਚ 49 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ, ਜਦਕਿ ਚਿੱਟੀ ਗੇਂਦ ਦੀ ਟੀਮ ਦੇ ਨਵ-ਨਿਯੁਕਤ ਕਪਤਾਨ ਰੋਹਿਤ ਨੇ 51 ਗੇਂਦਾਂ ਵਿਚ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਹੁਣ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇਗੀ।

ਇਹ ਵੀ ਪੜ੍ਹੋ: ਭਾਰਤੀ ਟੀਮ ਦੇ ਖਿਡਾਰੀਆਂ ਨੇ ਇੰਝ ਦਿੱਤੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News