ICC T20WC- ਆਸਟ੍ਰੇਲੀਆ ਨੇ ਇੰਗਲੈਂਡ ਨੂੰ ਇਕਤਰਫ਼ਾ ਅੰਦਾਜ਼ ''ਚ ਹਰਾਇਆ, 36 ਦੌੜਾਂ ਨਾਲ ਜਿੱਤਿਆ ਮੁਕਾਬਲਾ
Sunday, Jun 09, 2024 - 03:20 AM (IST)

ਸਪੋਰਟਸ ਡੈਸਕ- ਬਾਰਬਾਡੋਸ ਦੇ ਕੈਨਿੰਗਸਟਨ ਓਵਲ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਆਸਟ੍ਰੇਲੀਆ ਨੇ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਦਿੱਤਾ ਹੈ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਨੇ ਬੱਲੇਬਾਜ਼ੀ ਕਰਦਿਆਂ ਟ੍ਰੈਵਿਸ ਹੈੱਡ (34), ਡੇਵਿਡ ਵਾਰਨਰ (39), ਮਿਚੇਲ ਮਾਰਸ਼ (35), ਗਲੇਨ ਫਿਲਿਪਸ (28) ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 201 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਇਹ ਇਸ ਸੀਜ਼ਨ ਦਾ ਪਹਿਲਾ 200+ ਦਾ ਸਕੋਰ ਹੈ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਓਪਨਰਾਂ ਨੇ ਪਹਿਲੇ 7 ਓਵਰਾਂ 'ਚ 70 ਦੌੜਾਂ ਜੜ ਦਿੱਤੀਆਂ। ਇਸ ਤੋਂ ਬਾਅਦ ਫਿਲ ਸਾਲਟ 23 ਗੇਂਦਾਂ 'ਚ 4 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ ਐਡਮ ਜ਼ੈਂਪਾ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ।
ਉਸ ਤੋਂ ਬਾਅਦ ਜਾਸ ਬਟਲਰ ਵੀ 28 ਗੇਂਦਾਂ 'ਚ 42 ਦੌੜਾਂ ਬਣਾ ਕੇ ਜ਼ੈਂਪਾ ਦਾ ਅਗਲਾ ਸ਼ਿਕਾਰ ਬਣਿਆ। ਵਿਲ ਜੈਕਸ (10) ਤੇ ਜਾਨੀ ਬੇਅਰਸਟਾ (7) ਸਸਤੇ 'ਚ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮੋਈਨ ਅਲੀ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ 15 ਗੇਂਦਾਂ 'ਚ 3 ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਅੰਤ 'ਚ ਹੈਰੀ ਬਰੁੱਕ (20*) ਤੇ ਲਿਆਮ ਲਿਵਿੰਗਸਟੋਨ (15) ਨੇ ਭਰਪੂਰ ਕੋਸ਼ਿਸ਼ ਕੀਤੀ, ਪਰ ਟੀਮ ਨੂੰ ਜਿੱਤ ਨਾ ਦਿਵਾ ਸਕੇ। ਇੰਗਲੈਂਡ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 165 ਦੌੜਾਂ ਹੀ ਬਣਾ ਸਕੀ ਤੇ 36 ਦੌੜਾਂ ਨਾਲ ਮੁਕਾਬਲਾ ਹਾਰ ਗਈ। ਐਡਮ ਜ਼ੈਂਪਾ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e