ਫਿਰ ਦੁਨੀਆ ਦਾ ਨੰਬਰ-1 ਵਨ ਡੇ ਗੇਂਦਬਾਜ਼ ਬਣਿਆ ਬੁਮਰਾਹ

Thursday, Jul 14, 2022 - 02:18 PM (IST)

ਫਿਰ ਦੁਨੀਆ ਦਾ ਨੰਬਰ-1 ਵਨ ਡੇ ਗੇਂਦਬਾਜ਼ ਬਣਿਆ ਬੁਮਰਾਹ

ਦੁਬਈ (ਭਾਸ਼ਾ)- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਿ ਓਵਲ ’ਚ ਇੰਗਲੈਂਡ ਖਿਲਾਫ ਪਹਿਲੇ ਵਨ ਡੇ ’ਚ 19 ਦੌੜਾਂ ’ਤੇ 6 ਵਿਕਟਾਂ ਲੈ ਕੇ ਆਈ. ਸੀ. ਸੀ. ਦੀ ਬੁੱਧਵਾਰ ਨੂੰ ਜਾਰੀ ਵਨ ਡੇ ਪੁਰਸ਼ ਰੈਕਿੰਗ ’ਚ ਇਕ ਵਾਰ ਫਿਰ ਨੰਬਰ-1 ਗੇਂਦਬਾਜ਼ ਬਣ ਗਿਆ। ਬੁਮਰਾਹ ਨੇ ਫਰਵਰੀ 2020 ’ਚ ਨੰਬਰ-1 ਰੈਂਕਿੰਗ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਕੋਲ ਗੁਆ ਦਿੱਤੀ ਸੀ, ਜਦੋਂਕਿ ਇਸ ਤੋਂ ਪਹਿਲਾਂ 2 ਸਾਲ ਤੋਂ ਵਧੇਰੇ ਸਮੇਂ ਟਾਪ ’ਤੇ ਸੀ। ਉਹ ਕੁਲ 730 ਦਿਨ ਨੰਬਰ-1 ਗੇਂਦਬਾਜ਼ ਰਿਹਾ, ਜੋ ਕਿਸੇ ਵੀ ਹੋਰ ਭਾਰਤੀ ਗੇਂਦਬਾਜ਼ ਤੋਂ ਵੱਧ ਹੈ। ਉਹ ਇਤਿਹਾਸ ’ਚ ਸਭ ਤੋਂ ਵੱਧ ਸਮੇਂ ਤੱਕ ਟਾਪ ’ਤੇ ਰਹਿਣ ਵਾਲੇ ਗੇਂਦਬਾਜ਼ਾਂ ਦੀ ਸੂਚੀ ’ਚ 9ਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ: ਕੋਹਲੀ ਦੇ ਦੂਜੇ ਵਨ ਡੇ ’ਚ ਵੀ ਖੇਡਣ ’ਤੇ ਸ਼ੱਕ, ਭਾਰਤ ਦੀਆਂ ਨਜ਼ਰਾਂ ਇਕ ਹੋਰ ਸੀਰੀਜ਼ ਜਿੱਤਣ ’ਤੇ

ਬੀਤੇ ਸਮੇਂ ’ਚ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਵੀ ਟਾਪ ’ਤੇ ਰਹਿ ਚੁੱਕਾ ਅਤੇ ਹੁਣ ਟੈਸਟ ਰੈਂਕਿੰਗ ’ਚ ਕਰੀਅਰ ਦੇ ਸਰਵਸ੍ਰੇਸ਼ਠ ਤੀਜੇ ਸਥਾਨ ’ਤੇ ਮੌਜੂਦ ਬੁਮਰਾਹ ਸਾਬਕਾ ਕਪਤਾਨ ਕਪਿਲ ਦੇਵ ਤੋਂ ਬਾਅਦ ਵਨ-ਡੇ ਰੈਂਕਿੰਗ ’ਚ ਟਾਪ ’ਤੇ ਪਹੁੰਚਣ ਵਾਲਾ ਸਿਰਫ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਹੈ। ਭਾਰਤੀ ਸਪਿਨਰਾਂ ’ਚ ਮਨਿੰਦਰ ਸਿੰਘ, ਅਨਿਲ ਕੁੰਬਲੇ ਅਤੇ ਰਵਿੰਦਰ ਜਡੇਜਾ ਟਾਪ ਦੀ ਰੈਂਕਿਗ ਹਾਸਲ ਕਰ ਚੁੱਕੇ ਹਨ। ਮੁਹੰਮਦ ਸ਼ੰਮੀ ਵੀ 3 ਸਥਾਨ ਦੇ ਫਾਇਦੇ ਨਾਲ ਟੀਮ ਦੇ ਸਾਥੀ ਭੁਵਨੇਸ਼ਵਰ ਕੁਮਾਰ ਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ ਸਾਂਝੇ 23ਵੇਂ ਸਥਾਨ ’ਤੇ ਹੈ। ਬੱਲੇਬਾਜ਼ੀ ਰੈਂਕਿੰਗ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਕਾਇਮ ਹੈ ਪਰ ਉਸਦੇ ਅਤੇ ਤੀਜੇ ਸਥਾਨ ’ਤੇ ਮੌਜੂਦ ਵਿਰਾਟ ਕੋਹਲੀ ਵਿਚਾਲੇ ਹੁਣ ਸਿਰਫ ਇਕ ਰੇਟਿੰਗ ਦਾ ਫਰਕ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਸੰਸਦ ਨੇ BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਕੀਤਾ ਸਨਮਾਨਤ, ਜਾਣੋ ਕਿਉਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News