ICC ਨੇ UAE ਦੇ ਦੋ ਕ੍ਰਿਕਟਰਾਂ ''ਤੇ ਭ੍ਰਿਸ਼ਟਾਚਾਰ ਰੋਕੂ ਜਾਬਤੇ ਦੇ ਤਹਿਤ ਦੋਸ਼ ਕੀਤੇ ਤੈਅ

09/13/2020 8:15:02 PM

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕ੍ਰਿਕਟਰਾਂ ਆਮਿਰ ਹਯਾਤ ਤੇ ਅਸ਼ਫਾਕ ਅਹਿਮਦ 'ਤੇ ਭ੍ਰਿਸ਼ਟਾਚਾਰ ਰੋਕੂ ਜਾਬਤੇ ਦੀ ਉਲੰਘਣਾ ਕਰਨ ਲਈ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਐਮੀਰੇਟਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਅਸ਼ਫਾਕ ਨੂੰ ਪਿਛਲੇ ਸਾਲ ਅਕਤੂਬਰ ਵਿਚ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਕੁਆਲੀਫਾਇਰ ਦੌਰਾਨ ਸਸਪੈਂਡ ਕਰ ਦਿੱਤਾ ਸੀ ਪਰ ਅਜੇ ਤਕ ਰਸਮੀ ਦੋਸ਼ ਤੈਅ ਨਹੀਂ ਕੀਤੇ ਗਏ ਸਨ। 
ਇਨ੍ਹਾਂ ਦੋਵਾਂ ਨੇ ਰਿਸ਼ਵਤ ਲੈ ਕੇ ਮਾੜਾ ਪ੍ਰਦਰਸ਼ਨ ਕਰਨ ਤੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਸੀ। 38 ਸਾਲਾ ਹਯਾਤ ਮੱਧ ਗਤੀ ਦਾ ਗੇਂਦਬਾਜ਼ ਹੈ, ਜਿਸ ਨੇ 9 ਵਨ ਡੇ ਤੇ 4 ਟੀ-20 ਕੌਮਾਂਤਰੀ ਮੈਚ ਖੇਡੇ ਹਨ ਜਦਕਿ 35 ਸਾਲਾ ਅਸ਼ਫਾਕ ਨੇ 16 ਵਨ ਡੇ ਤੇ 12 ਟੀ-20 ਕੌਮਾਂਤਰੀ ਵਿਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ। ਆਈ. ਸੀ. ਸੀ. ਨੇ ਆਪਣੀ ਰਿਲੀਜ਼ 'ਚ ਕਿਹਾ ਕਿ ਖਿਡਾਰੀਆਂ ਦੇ ਕੋਲ ਦੋਸ਼ਾਂ ਦਾ ਜਵਾਬ ਦੇਣ ਦੇ ਲਈ 13 ਸਤੰਬਰ ਤੋਂ 14 ਦਿਨ ਦਾ ਸਮਾਂ ਹੋਵੇਗਾ। ਆਈ. ਸੀ. ਸੀ. ਹੁਣ ਇਨ੍ਹਾਂ ਦੋਸ਼ਾਂ ਦੇ ਸਬੰਧ 'ਚ ਅੱਗੇ ਕੋਈ ਟਿੱਪਣੀ ਨਹੀਂ ਕਰੇਗੀ।


Gurdeep Singh

Content Editor

Related News