ਜੇਕਰ ਸਾਰੀਆਂ ਪਿੱਚਾਂ ਐਜਬੈਸਟਨ ਵਾਂਗ 'ਖ਼ਰਾਬ' ਹੋਣਗੀਆਂ ਤਾਂ ਮੈਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਾਂਗਾ : ਐਂਡਰਸਨ
Friday, Jun 23, 2023 - 04:08 PM (IST)
ਲੰਡਨ (ਭਾਸ਼ਾ)- ਏਸ਼ੇਜ਼ ਸੀਰੀਜ਼ ਦੇ ਸ਼ੁਰੂਆਤੀ ਮੈਚ 'ਚ ਫਲੈਟ ਪਿੱਚ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇੰਗਲੈਂਡ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਕਿ ਜੇਕਰ ਬਾਕੀ ਸੀਰੀਜ਼ 'ਚ ਵੀ ਇਸੇ ਤਰ੍ਹਾਂ ਦੀਆਂ ਪਿੱਚਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਆਪਣੀ ਟੀਮ ਲਈ ਕਾਰਗਰ ਸਾਬਤ ਨਹੀਂ ਹੋ ਪਾਉਣਗੇ। ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਕਿਹਾ ਸੀ ਕਿ ਇੰਗਲੈਂਡ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ਾਂ ਲਈ ਢੁਕਵੀਂ ਫਲੈਟ ਪਿੱਚ ਮਿਲੇ ਤਾਂ ਜੋ ਉਨ੍ਹਾਂ ਦੀ ਹਮਲਾਵਰ ਖੇਡ ਸ਼ੈਲੀ ਵਿਚ ਮਦਦ ਮਿਲ ਸਕੇ ਪਰ ਐਂਡਰਸਨ ਨੇ ਕਿਹਾ ਕਿ ਪਹਿਲੇ ਟੈਸਟ ਦੀ ਪਿੱਚ ਉਨ੍ਹਾਂ ਲਈ 'ਕ੍ਰਿਪਟੋਨਾਈਟ' (ਖ਼ਰਾਬ ਪਿੱਚ) ਵਰਗੀ ਸੀ।
ਉਨ੍ਹਾਂ ਕਿਹਾ, ''ਜੇਕਰ ਸਾਰੀਆਂ ਪਿੱਚਾਂ ਇਸ ਤਰ੍ਹਾਂ ਦੀਆਂ ਰਹੀਆਂ ਤਾਂ ਮੈਂ ਏਸ਼ੇਜ਼ ਸੀਰੀਜ਼ 'ਚ ਜ਼ਿਆਦਾ ਕੁੱਝ ਨਹੀਂ ਕਰ ਸਕਾਂਗਾ। ਐਜਬੈਸਟਨ ਦੀ ਪਿੱਚ ਮੇਰੇ ਲਈ 'ਕ੍ਰਿਪਟੋਨਾਈਟ' ਵਰਗੀ ਸੀ ਜਿਸ 'ਤੇ ਕੋਈ ਸਵਿੰਗ ਨਹੀਂ ਸੀ, ਕੋਈ ਰਿਵਰਸ ਸਵਿੰਗ ਨਹੀਂ ਸੀ, ਕੋਈ ਸੀਮ ਮੂਵਮੈਂਟ ਨਹੀਂ ਸੀ, ਕੋਈ ਉਛਾਲ ਨਹੀਂ ਸੀ ਅਤੇ ਕੋਈ ਗਤੀ ਨਹੀਂ ਸੀ। ਮੈਂ ਕਈ ਸਾਲਾਂ ਤੋਂ ਆਪਣੇ ਹੁਨਰ ਨੂੰ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਸਥਿਤੀ 'ਚ ਗੇਂਦਬਾਜ਼ੀ ਕਰ ਸਕਾਂ ਪਰ ਮੈਂ ਸਭ ਕੁਝ ਅਜ਼ਮਾਇਆ ਪਰ ਕੋਈ ਫਰਕ ਨਹੀਂ ਪਿਆ। ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਔਖੀ ਲੜਾਈ ਲੜ ਰਿਹਾ ਹਾਂ।'