I-League: ਪੰਜਾਬ ਤੇ ਕਸ਼ਮੀਰ ਵਿਚਾਲੇ ਫਿਰ ਹੋਵੇਗਾ ਮੁਕਾਬਲਾ
Wednesday, Mar 06, 2019 - 02:21 AM (IST)

ਨਵੀਂ ਦਿੱਲੀ- ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਫੈਸਲਾ ਲਿਆ ਹੈ ਕਿ ਸਾਬਕਾ ਜੇਤੂ ਮਿਨਰਵਾ ਪੰਜਾਬ ਤੇ ਰੀਅਲ ਕਸ਼ਮੀਰ ਵਿਚਾਲੇ 12ਵੀਂ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ ਦਾ ਮੁਕਾਬਲਾ ਫਿਰ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੋਵਾਂ ਟੀਮਾਂ ਵਿਚਾਲੇ 18 ਫਰਵਰੀ ਨੂੰ ਇਹ ਮੁਕਾਬਲਾ ਖੇਡਿਆ ਜਾਣਾ ਸੀ ਪਰ 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਫਿਦਾਈਨ ਹਮਲੇ ਤੋਂ ਬਾਅਦ ਪੰਜਾਬ ਦੀ ਟੀਮ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੀਨਗਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਨਹੀਂ ਹੋ ਸਕਿਆ ਸੀ। ਏ. ਆਈ. ਐੱਫ. ਐੱਫ. ਨੇ ਸੋਮਵਾਰ ਨੂੰ ਆਪਣੀ ਹੰਗਾਮੀ ਮੀਟਿੰਗ ਵਿਚ ਇਹ ਫੈਸਲਾ ਲਿਆ ਹੈ ਕਿ ਰੀਅਲ ਕਸ਼ਮੀਰ ਤੇ ਪੰਜਾਬ ਵਿਚਾਲੇ ਦੁਬਾਰਾ ਮੈਚ ਕਰਵਾਇਆ ਜਾਵੇਗਾ। ਹਾਲਾਂਕਿ ਮੈਚ ਕਦੋਂ ਤੇ ਕਿੱਥੇ ਹੋਵੇਗਾ, ਇਸ 'ਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਇਸ ਫੈਸਲੇ ਦੀ ਜਾਣਕਾਰੀ ਕਸ਼ਮੀਰ ਟੀਮ ਨੂੰ ਦੇ ਦਿੱਤੀ ਹੈ।