ਮੈਂ ਨਕਲਚੀ ਨਹੀਂ ਹਾਂ : ਕਰੁਣਾਲ ਪੰਡਯਾ ਦੀ ਦੋ ਟੂਕ- ਇਸ ਲਈ ਕਹੀ ਇਹ ਗੱਲ
Thursday, May 18, 2023 - 06:58 PM (IST)
ਕੋਲਕਾਤਾ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਖਰੀ ਪੜਾਅ ਦੇ ਅਹਿਮ ਮੈਚਾਂ 'ਚ ਲਖਨਊ ਸੁਪਰ ਜਾਇੰਟਸ ਦੀ ਅਗਵਾਈ ਕਰ ਰਹੇ ਕਰੁਣਾਲ ਪੰਡਯਾ ਦਾ ਕਹਿਣਾ ਹੈ ਕਿ ਉਹ ਸਾਰਿਆਂ ਤੋਂ ਸਿੱਖਣਾ ਚਾਹੁੰਦਾ ਹੈ ਪਰ ਕਪਤਾਨੀ ਦੇ ਮਾਮਲੇ 'ਚ ਕਿਸੇ ਦੀ 'ਨਕਲ' ਨਹੀਂ ਕਰਦਾ। ਭਾਰਤੀ ਟੀ-20 ਕਪਤਾਨ ਹਾਰਦਿਕ ਪੰਡਯਾ ਦੇ ਵੱਡੇ ਭਰਾ ਕਰੁਣਾਲ ਨੂੰ ਨਿਯਮਤ ਕਪਤਾਨ ਲੋਕੇਸ਼ ਰਾਹੁਲ ਦੇ ਜ਼ਖਮੀ ਹੋਣ ਤੋਂ ਬਾਅਦ ਲਖਨਊ ਸੁਪਰਜਾਇੰਟਸ ਨੇ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਮੀਡੀਆ ਨਾਲ ਗੱਲ ਕਰਦਿਆਂ ਕਰੁਣਾਲ ਨੇ ਕਿਹਾ ਕਿ ਕੇਐਲ (ਲੋਕੇਸ਼ ਰਾਹੁਲ) ਦਾ ਟੀਮ ਤੋਂ ਬਾਹਰ ਹੋਣਾ ਬਹੁਤ ਨਿਰਾਸ਼ਾਜਨਕ ਸੀ। ਮੈਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਮੈਂ ਟੀਮ ਦਾ ਉਪ-ਕਪਤਾਨ ਸੀ ਅਤੇ ਮੇਰੇ 'ਚ (ਕਪਤਾਨੀ ਦੌਰਾਨ) ਕੋਈ ਬਦਲਾਅ ਨਹੀਂ ਆਇਆ ਹੈ। ਮੈਂ ਹਮੇਸ਼ਾ ਉਸ ਤਰ੍ਹਾਂ ਕ੍ਰਿਕਟ ਖੇਡਿਆ ਹੈ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। ਮੈਂ ਇਸੇ ਤਰ੍ਹਾਂ ਕਪਤਾਨੀ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀ ਨਕਲ ਨਹੀਂ ਕਰਨਾ ਚਾਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਮੈਂ ਹਰ ਕਿਸੇ ਤੋਂ ਚੰਗੀਆਂ ਗੱਲਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੁੰਦਾ ਹਾਂ।
ਲਖਨਊ ਸੁਪਰ ਜਾਇੰਟਸ ਸ਼ਨੀਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗਾ। ਟੀਮ ਨੂੰ ਪਲੇਆਫ 'ਚ ਜਗ੍ਹਾ ਬਣਾਉਣ ਲਈ ਇਹ ਮੈਚ ਜਿੱਤਣਾ ਹੋਵੇਗਾ। ਘਰੇਲੂ ਕ੍ਰਿਕਟ 'ਚ ਬੜੌਦਾ ਦੀ ਕਪਤਾਨੀ ਕਰ ਚੁੱਕੇ ਕਰੁਣਾਲ ਨੇ ਕਿਹਾ ਕਿ ਜੇਕਰ ਮੈਂ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਕਰਦਾ ਹਾਂ ਤਾਂ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਦੇ ਜ਼ਿਆਦਾ ਮੌਕੇ ਹਨ। ਮੈਂ ਸਖਤ ਮਿਹਨਤ ਕੀਤੀ ਹੈ ਅਤੇ ਇੱਕ ਖਾਸ ਤਰੀਕੇ ਨਾਲ ਕ੍ਰਿਕਟ ਖੇਡਿਆ ਹੈ, ਅਤੇ ਇਹੀ ਗੱਲ ਉਦੋਂ ਲਾਗੂ ਹੁੰਦੀ ਹੈ ਜਦੋਂ ਮੈਂ ਇਸ ਟੀਮ ਦੀ ਕਪਤਾਨੀ ਕਰਦਾ ਹਾਂ।