ਨਿਰਾਸ਼ ਹਾਂ, ਇਸ ਹਾਰ ਨੂੰ ਹਜ਼ਮ ਕਰਨਾ ਮੁਸ਼ਕਲ, T-20 WC ''ਚ ਹਾਰ ਤੋਂ ਬਾਅਦ ਬੋਲੇ ਡੇਵਿਡ ਮਿਲਰ
Tuesday, Jul 02, 2024 - 04:50 PM (IST)
ਜੋਹਾਨਸਬਰਗ—ਟੀ-20 ਵਿਸ਼ਵ ਕੱਪ ਫਾਈਨਲ 'ਚ ਭਾਰਤ ਤੋਂ ਮਿਲੀ ਮਾਮੂਲੀ ਹਾਰ ਤੋਂ ਨਿਰਾਸ਼ ਡੇਵਿਡ ਮਿਲਰ ਨੇ ਕਿਹਾ ਕਿ ਇਸ ਨਤੀਜੇ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ। ਹਾਲਾਂਕਿ ਇਸ ਹਮਲਾਵਰ ਖੱਬੇ ਹੱਥ ਦੇ ਬੱਲੇਬਾਜ਼ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਟੀਮ ਇਸ ਹਾਰ ਦਾ ਦੁੱਖ ਭੁੱਲ ਕੇ ਜ਼ਬਰਦਸਤ ਵਾਪਸੀ ਕਰੇਗੀ। ਦੱਖਣੀ ਅਫਰੀਕਾ ਨੇ ਇਸ ਵਿਸ਼ਵ ਕੱਪ 'ਚ 'ਚੋਕਰਸ' ਦੇ ਟੈਗ ਨੂੰ ਕਾਫੀ ਹੱਦ ਤੱਕ ਪਿੱਛੇ ਛੱਡ ਦਿੱਤਾ ਸੀ ਅਤੇ ਬਿਨਾਂ ਕੋਈ ਮੈਚ ਗੁਆਏ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ।
ਬਾਰਬਾਡੋਸ 'ਚ ਸ਼ਨੀਵਾਰ ਨੂੰ ਖੇਡੇ ਗਏ ਫਾਈਨਲ 'ਚ ਭਾਰਤ ਤੋਂ 7 ਦੌੜਾਂ ਦੀ ਹਾਰ ਝੱਲਣੀ ਪਈ, ਮਿਲਰ ਨੇ ਲਿਖਿਆ, 'ਮੈਂ ਬਹੁਤ ਨਿਰਾਸ਼ ਹਾਂ, ਦੋ ਦਿਨ ਪਹਿਲਾਂ ਜੋ ਹੋਇਆ ਉਸ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਹੈ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਹਾਲਾਂਕਿ ਮੈਨੂੰ ਇਸ ਟੀਮ 'ਤੇ ਬਹੁਤ ਮਾਣ ਹੈ। ਫਾਈਨਲ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਆਪਣੀ ਮੁਹਿੰਮ ਵਿੱਚ ਕਈ ਕਰੀਬੀ ਮੈਚ ਜਿੱਤੇ ਸਨ ਪਰ ਟੀਮ ਖ਼ਿਤਾਬੀ ਮੈਚ ਜਿੱਤਣ ਦੇ ਨੇੜੇ ਆ ਕੇ ਆਖਰੀ ਪੰਜ ਓਵਰਾਂ ਵਿੱਚ ਦਬਾਅ ਵਿੱਚ ਆ ਗਈ। ਮਿਲਰ ਨੇ ਕਿਹਾ, 'ਇਸ ਟੂਰਨਾਮੈਂਟ 'ਚ ਸਾਡਾ ਸਫਰ ਸ਼ਾਨਦਾਰ ਰਿਹਾ। ਅਸੀਂ ਪੂਰੇ ਮਹੀਨੇ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ। ਅਸੀਂ ਦੁੱਖ ਝੱਲੇ ਹਨ। ਹਾਲਾਂਕਿ, ਮੈਂ ਜਾਣਦਾ ਹਾਂ ਕਿ ਇਸ ਟੀਮ ਵਿੱਚ ਜਨੂੰਨ ਹੈ ਅਤੇ ਉਹ ਆਪਣਾ ਪੱਧਰ ਉੱਚਾ ਚੁੱਕਣਾ ਜਾਰੀ ਰੱਖੇਗੀ।
ਦੱਖਣੀ ਅਫਰੀਕਾ ਨੂੰ ਆਖਰੀ ਪੰਜ ਓਵਰਾਂ ਵਿੱਚ 30 ਦੌੜਾਂ ਦੀ ਲੋੜ ਸੀ ਪਰ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਮੈਚ ਦਾ ਰੁਖ ਭਾਰਤ ਵੱਲ ਮੋੜ ਦਿੱਤਾ। ਪੰਡਯਾ ਨੇ ਹਮਲਾਵਰ ਬੱਲੇਬਾਜ਼ ਹੇਨਰਿਕ ਕਲਾਸੇਨ ਨੂੰ ਆਊਟ ਕੀਤਾ ਤਾਂ ਬੁਮਰਾਹ ਨੇ ਮਾਰਕੋ ਜੈਨਸਨ ਨੂੰ ਆਊਟ ਕੀਤਾ। ਦੱਖਣੀ ਅਫਰੀਕਾ ਨੂੰ ਆਖਰੀ ਓਵਰ 'ਚ 16 ਦੌੜਾਂ ਦੀ ਲੋੜ ਸੀ ਪਰ ਪੰਡਯਾ ਦੀ ਪਹਿਲੀ ਗੇਂਦ 'ਤੇ ਸੂਰਿਆਕੁਮਾਰ ਯਾਦਵ ਨੇ ਲੌਂਗ ਆਫ ਬਾਊਂਡਰੀ ਦੇ ਕੋਲ ਮਿਲਰ ਦਾ ਸ਼ਾਨਦਾਰ ਕੈਚ ਲੈ ਕੇ ਭਾਰਤ ਨੂੰ ਮੈਚ 'ਤੇ ਕਾਬੂ ਦਿਵਾਇਆ।