ਵਿਸ਼ਵ ਰੈਪਿਡ ਸ਼ਤਰੰਜ : ਹੰਪੀ, ਹਰਿਕਾ, ਨਿਹਾਲ ਤੇ ਅਰਵਿੰਦ ਦੀ ਚੰਗੀ ਸ਼ੁਰੂਆਤ
Friday, Dec 27, 2019 - 11:54 PM (IST)

ਮਾਸਕੋ (ਨਿਕਲੇਸ਼ ਜੈਨ)- ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ਵਿਚ 45 ਦੇਸ਼ਾਂ ਦੇ 205 ਤੇ ਮਹਿਲਾ ਵਰਗ ਵਿਚ 26 ਦੇਸ਼ਾਂ ਦੇ 122 ਖਿਡਾਰੀ 6 ਤਮਗਿਆਂ ਲਈ ਜ਼ੋਰ ਲਾਉਣਗੇ। ਪੁਰਸ਼ ਵਰਗ ਵਿਚ ਚੋਟੀ ਦਾ ਦਰਜਾ ਮੌਜੂਦਾ ਕਲਾਸੀਕਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਤੇ ਮਹਿਲਾ ਵਰਗ ਵਿਚ ਯੂਕ੍ਰੇਨ ਦੀ ਅੰਨਾ ਮੁਜਯਚੁਕ ਨੂੰ ਦਿੱਤਾ ਗਿਆ ਹੈ। ਮਹਿਲਾ ਵਰਗ ਵਿਚ ਭਾਰਤ ਦੀਆਂ ਦੋਵਾਂ ਖਿਡਾਰਨਾਂ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਨੇ 4 ਰਾਊਂਡਜ਼ ਤੋਂ ਬਾਅਦ 3 ਜਿੱਤਾਂ ਤੇ ਇਕ ਡਰਾਅ ਨਾਲ 3.5 ਅੰਕ ਬਣਾਉਂਦੇ ਹੋਏ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਗ੍ਹਾ ਬਣਾ ਲਈ ਹੈ, ਜਦਕਿ ਪੁਰਸ਼ ਵਰਗ ਵਿਚ ਭਾਰਤ ਦੇ ਮੌਜੂਦਾ ਰਾਸ਼ਟਰੀ ਚੈਂਪੀਅਨ ਅਰਵਿੰਦ ਚਿਦਾਂਬਰਮ ਨੇ 5 ਮੁਕਾਬਲਿਆਂ ਵਿਚ 3.5 ਅੰਕ ਬਣਾ ਲਏ ਹਨ ਤੇ ਇੰਨੇ ਹੀ ਅੰਕ ਨਿਹਾਲ ਸਰੀਨ ਦੇ ਖਾਤੇ ਵਿਚ ਆਏ ਹਨ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਨਾਰਾਇਣਾ ਸ਼੍ਰੀਨਾਥ, ਅਧਿਬਨ ਭਾਸਕਰਨ, ਕ੍ਰਿਸ਼ਣਨ ਸ਼ਸ਼ੀਕਿਰਣ, ਐੱਸ. ਪੀ. ਸੇਥੂਰਮਨ, ਰੌਣਕ ਸਾਧਵਾਨੀ, ਸੂਰਯ ਸ਼ੇਖਰ ਗਾਂਗੁਲੀ 3 ਅੰਕਾਂ 'ਤੇ ਖੇਡ ਰਹੇ ਹਨ।