ਕਾਰਤਿਕ ਨੇ ਸ਼ੁਭਮਨ 'ਤੇ ਜਤਾਇਆ ਭਰੋਸਾ, ਕਿਹਾ- ਉਮੀਦ ਤੋਂ ਬਿਹਤਰ ਹੋਵੇਗਾ ਪ੍ਰਦਰਸ਼ਨ

09/22/2020 8:31:56 PM

ਆਬੁ ਧਾਬੀ : ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੂੰ ਭਰੋਸਾ ਹੈ ਕਿ ਪ੍ਰਤਿਭਾਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੌਜੂਦਾ ਸੈਸ਼ਨ 'ਚ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰੇਗਾ। ਗਿੱਲ ਨੂੰ ਪਿਛਲੇ ਸੈਸ਼ਨ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ ਸੀ ਕਿਉਂਕਿ ਉਸ ਦੇ ਬੱਲੇਬਾਜ਼ੀ ਕ੍ਰਮ ਨੂੰ ਵਾਰ-ਵਾਰ ਬਦਲਿਆ ਜਾ ਰਿਹਾ ਸੀ। ਇਸ ਵਾਰ ਕੇ.ਕੇ.ਆਰ. ਦੇ ਕੋਚ ਬ੍ਰੈਂਡਨ ਮੈਕੁਲਮ ਨੇ ਹਾਲਾਂਕਿ 21 ਸਾਲ ਦੇ ਇਸ ਖਿਡਾਰੀ ਤੋਂ ਪਾਰੀ ਦੀ ਸ਼ੁਰੂਆਤ ਕਰਵਾਉਣ ਦਾ ਮਨ ਬਣਾਇਆ ਹੈ।

ਮੁੰਬਈ ਇੰਡੀਅਨਜ਼ ਖਿਲਾਫ ਮੌਜੂਦਾ ਆਈ.ਪੀ.ਐੱਲ. ਸੈਸ਼ਨ ਦੇ ਆਪਣੇ ਪਹਿਲੇ ਮੈਚ ਦੀ ਸ਼ੁਰੂਆਤ 'ਤੇ ਕਾਰਤਿਕ ਨੇ ਆਨਲਾਈਨ ਪ੍ਰੈਸ ਕਾਨਫਰੰਸ 'ਚ ਕਿਹਾ, ‘ਸ਼ੁਭਮਨ ਪ੍ਰਤਿਭਾਵਾਨ ਖਿਡਾਰੀ ਹੈ। ਦੁਨੀਆ ਭਰ 'ਚ ਉਸ ਤੋਂ ਬਹੁਤ ਉਮੀਦਾਂ ਹਨ, ਮੈਨੂੰ ਭਰੋਸਾ ਹੈ ਕਿ ਉਹ ਸਾਰੀਆਂ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕਰੇਗਾ।‘ ਉਨ੍ਹਾਂ ਕਿਹਾ ਕਿ ਗਿੱਲ ਅਤੇ ਸੁਨੀਲ ਨਰਾਇਣ ਦੇ ਰੂਪ 'ਚ ਟੀਮ ਕੋਲ ਸਲਾਮੀ ਬੱਲੇਬਾਜ਼ੀ ਲਈ ਚੰਗੀ ਜੋੜੀ ਹੈ। ਉਨ੍ਹਾਂ ਕਿਹਾ, ‘ਸੁਨੀਲ ਨਰਾਇਣ ਦੀ ਬੱਲੇਬਾਜ਼ੀ ਸ਼ੈਲੀ ਨਾਲ ਸਾਡੇ ਲਈ ਸਥਿਤੀ ਆਸਾਨ ਹੋਵੇਗੀ। ਇਹ ਇੱਕ ਬਹੁਤ ਹੀ ਅਨੋਖੀ ਸਲਾਮੀ ਜੋੜੀ ਹੈ।‘

ਕਾਰਤਿਕ ਨੇ ਸਵੀਕਾਰ ਕੀਤਾ ਕਿ ਕੋਲਕਾਤਾ ਨਾਈਟ ਰਾਈਡਰਜ਼ ਲਈ ਪਲੇਇੰਗ ਇਲੈਵਨ ਦੀ ਚੋਣ ਚੁਣੌਤੀ ਭਰੀ ਹੋਵੇਗੀ ਕਿਉਂਕਿ ਟੀਮ 'ਚ ਕਈ ਪ੍ਰਤਿਭਾਵਾਨ ਖਿਡਾਰੀ ਹਨ। ਉਨ੍ਹਾਂ ਕਿਹਾ, ‘ਕੇ.ਕੇ.ਆਰ. ਲਈ ਅਜੇ ਸਭ ਤੋਂ ਵੱਡੀ ਚੁਣੌਤੀ ਪਲੇਇੰਗ ਇਲੈਵਨ ਦੀ ਸਹੀ ਚੋਣ ਹੋਵੇਗੀ। ਕਈ ਖਿਡਾਰੀ ਸ਼ਾਨਦਾਰ ਫਾਰਮੈਟ 'ਚ ਹਨ ਅਤੇ ਚੋਣ ਲਈ ਮਜ਼ਬੂਤ ਦਾਅਵੇਦਾਰੀ ਕਰ ਰਹੇ ਹਨ। ਇਹ ਮੁਸ਼ਕਲ ਪਰ ਵਧੀਆ ਹੈ।' ਪਿਛਲੇ ਸੈਸ਼ਨ 'ਚ ਕੁਲਦੀਪ ਯਾਦਵ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਨਵੇਂ ਕੋਚ ਬ੍ਰੈਂਡਨ ਮੈਕੁਲਮ ਨੂੰ ਉਸ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ, ‘ਉਸ ਨੂੰ ਪਿਛਲੇ ਸੈਸ਼ਨ 'ਚ ਚੁਣੌਤੀ ਮਿਲੀ ਸੀ ਪਰ ਉਹ ਉਸ ਤੋਂ ਬਿਹਤਰ ਹੋਇਆ ਹੈ। ਉਹ ਅਵਿਸ਼ਵਾਸ਼ਯੋਗ ਰੂਪ ਤੋਂ ਫਿੱਟ ਹੈ। ਕਿਸੇ ਵੀ ਕ੍ਰਿਕਟਰ ਲਈ ਚੁਣੌਤੀ ਭਰਿਆ ਸਮਾਂ ਆਉਂਦਾ ਹੈ।‘
 


Inder Prajapati

Content Editor

Related News