ਹਾਕੀ ਵਿਸ਼ਵ ਕੱਪ 2023 : ਸ਼੍ਰੀਜੇਸ਼ ਬੋਲੇ- ਸਾਨੂੰ ਉਮੀਦ ਹੈ ਕਿ ਅਸੀਂ ਚੋਟੀ ''ਤੇ ਰਹਾਂਗੇ
Wednesday, Jan 11, 2023 - 02:47 PM (IST)

ਰਾਊਰਕੇਲਾ : ਆਪਣੇ ਚੌਥੇ ਤੇ ਘਰੇਲੂ ਜ਼ਮੀਨ ’ਤੇ ਤੀਜੇ ਹਾਕੀ ਵਿਸ਼ਵ ਕੱਪ ਵਿਚ ਖੇਡਣ ਦੀ ਤਿਆਰੀ ਕਰ ਰਹੇ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਪਿਛਲੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ ਤੇ ਇੱਥੇ ਤਕ ਕਿ ਇਸ ਵਾਰ ਸਿਖਰ ’ਤੇ ਥਾਂ ਬਣਾ ਸਕਦੀ ਹੈ।
ਸਪੇਨ ਖ਼ਿਲਾਫ਼ ਸ਼ੁੱਕਰਵਾਰ ਨੂੰ ਗਰੁੱਪ ਡੀ ਦੇ ਭਾਰਤ ਦੇ ਪਹਿਲੇ ਮੈਚ ਤੋਂ ਪਹਿਲਾਂ ਸ਼੍ਰੀਜੇਸ਼ ਨੇ ਕਿਹਾ ਕਿ ਆਪਣੇ ਦੇਸ਼ ਲਈ ਚੌਥਾ ਵਿਸ਼ਵ ਕੱਪ ਖੇਡਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਤੇ ਖ਼ਾਸ ਗੱਲ ਇਹ ਹੈ ਕਿ ਘਰੇਲੂ ਜ਼ਮੀਨ ’ਤੇ ਇਹ ਮੇਰਾ ਤੀਜਾ ਵਿਸ਼ਵ ਕੱਪ ਹੈ। ਮੈਨੂੰ ਨਹੀਂ ਲਗਦਾ ਕਿ ਕਿਸੇ ਖਿਡਾਰੀ ਨੂੰ ਘਰੇਲੂ ਮੈਦਾਨ ’ਤੇ ਤਿੰਨ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ ਹੈ। 2018 ਵਿਚ ਅਸੀਂ ਸੈਮੀਫਾਈਨਲ ਵਿਚ ਪੁੱਜੇ ਸੀ। ਹੁਣ ਸਾਡੇ ਕੋਲ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਆਪਣੀ ਕਿਸਮਤ ਬਦਲਣ ਦਾ ਇਕ ਹੋਰ ਮੌਕਾ ਹੈ। ਉਮੀਦ ਹੈ ਕਿ ਅਸੀਂ ਆਪਣੇ ਪਿਛਲੇ ਪ੍ਰਦਰਸ਼ਨ ਵਿਚ ਸੁਧਾਰ ਕਰ ਸਕਾਂਗੇ ਤੇ ਸਿਖਰ ’ਤੇ ਥਾਂ ਬਣਾ ਸਕਾਂਗੇ।