ਕੋਵਿਡ-19 ਕਾਰਨ ਹਾਕੀ ਪ੍ਰੋ ਲੀਗ ਦਾ ਦੂਜਾ ਸੈਸ਼ਨ ਇਕ ਸਾਲ ਲਈ ਵਧਿਆ

04/25/2020 1:06:07 PM

ਲੁਸਾਨੇ : ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਆਪਣੇ ਵੱਕਾਰੀ ਟੂਰਨਾਮੈਂਟ ਪ੍ਰੋ ਲੀਗ ਦੇ ਦੂਜੇ ਸੈਸ਼ਨ ਨੂੰ ਇਸ ਸਾਲ ਲਈ ਵਧਾ ਦਿੱਤਾ ਗਿਆ ਹੈ, ਜਿਹੜਾ ਹੁਣ ਜੂਨ 2021 ਤਕ ਚੱਲੇਗਾ। ਐੱਫ. ਆਈ. ਐੱਚ. ਨੇ ਕੋਵਿਡ-19 ਮਹਾਮਾਰੀ ਨਾਲ ਮੈਚਾਂ ਦੇ ਮੁਲਤਵੀ ਹੋਣ ਦੇ ਕਾਰਨ ਸ਼ੁੱਕਰਵਾਰ ਨੂੰ ਇਹ ਫੈਸਲਾ ਕੀਤਾ। ਦੂਜੇ ਸੈਸ਼ਨ ਦਾ ਆਯੋਜਨ ਜਨਵਰੀ ਤੋਂ ਜੂਨ ਤਕ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਮਾਰਚ ਦੇ ਸ਼ੁਰੂ ਵਿਚ ਖੇਡ ਰੋਕੇ ਜਾਣ ਤਕ ਇਸ ਦੇ ਇਕ-ਤਿਹਾਈ ਮੁਕਾਬਲੇ ਹੀ ਹੋਏ ਸਨ। ਐੱਫ. ਆਈ. ਐੱਚ. ਨੇ ਕਿਹਾ ਕਿ ਇਹ ਫੈਸਲਾ ਭਾਰਤ ਸਣੇ 11 ਹਿੱਸੇਦਾਰ ਦੇਸ਼ਾਂ ਦੇ ਨਾਲ ਸਮਝੌਤੇ ਤੋਂ ਬਾਅਦ ਕੀਤਾ ਗਿਆ ਹੈ। ਭਾਰਤ ਫਿਲਹਾਲ 2 ਜਿੱਤਾਂ ਤੋਂ 10 ਅੰਕਾਂ ਨਾਲ ਸੂਚੀ ਵਿਚ ਬੈਲਜੀਅਮ, ਆਸਟਰੇਲੀਆ ਤੇ ਨੀਦਰਲੈਂਡ ਤੋਂ ਬਾਅਦ ਚੌਥੇ ਸਥਾਨ 'ਤੇ ਹੈ। 

ਐੱਫ. ਆਈ. ਐੱਚ. ਨੇ ਜਾਰੀ ਬਿਆਨ 'ਚ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਕਾਰਨ ਬਣੀ ਸ਼ਸ਼ੋਪੰਜ ਦੀ ਸਥਿਤੀ ਨੂੰ ਦੇਖਦੇ ਹੋਏ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ 11 ਰਾਸ਼ਟਰੀ ਸੰਘਾਂ ਦੇ ਨਾਲ ਸਮਝੌਤੇ ਤੋਂ ਬਾਅਦ ਹਾਕੀ ਪ੍ਰੋ ਲੀਗ ਦੇ ਦੂਜੇ ਸੈਸ਼ਨ ਨੂੰ ਜੂਨ 2021 ਤਕ ਵਧਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐੱਫ. ਆਈ. ਐੱਚ. ਨੂੰ ਕੋਵਿਡ-19 ਕਾਰਨ ਪ੍ਰੋ ਲੀਗ ਦੇ ਮੈਚਾਂ ਨੂੰ 2 ਵਾਰ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ ਸੀ। ਸ਼ੁਰੂਆਤ ਵਿਚ ਉਸ ਨੇ 15 ਅਪ੍ਰੈਲ ਤੋਂ ਪਹਿਲਾਂ ਦੇ ਮੈਚਾਂ ਨੂੰ ਮੁਲਤਵੀ ਕੀਤਾ ਸੀ, ਜਿਸ ਤੋਂ ਬਾਅਦ ਵਿਚ ਵਧਾ ਕੇ 17 ਮਈ ਕਰ ਦਿੱਤਾ ਗਿਆ ਸੀ।


Ranjit

Content Editor

Related News