ਹਾਕੀ ਦਾ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚੋਂ ਬਾਹਰ ਹੋਣਾ ਤੈਅ, CGF ਤੇ FIH ਨੇ ਧਾਰੀ ਚੁੱਪ

Tuesday, Oct 22, 2024 - 12:54 PM (IST)

ਹਾਕੀ ਦਾ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚੋਂ ਬਾਹਰ ਹੋਣਾ ਤੈਅ, CGF ਤੇ FIH ਨੇ ਧਾਰੀ ਚੁੱਪ

ਮੈਲਬੋਰਨ, (ਭਾਸ਼ਾ)– ਹਾਕੀ ਦਾ 2026 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚੋਂ ਬਾਹਰ ਹੋਣਾ ਤੈਅ ਹੈ ਕਿਉਂਕਿ ਮੇਜ਼ਬਾਨ ਸ਼ਹਿਰ ਗਲਾਸਗੋ ਲਾਗਤ ਵਿਚ ਕਟੌਤੀ ਕਰਨਾ ਚਾਹੁੰਦਾ ਹੈ। ਇਸਦੀ ਜਾਣਕਾਰੀ ਇੱਥੇ ਕਈ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ ਹੈ ਪਰ ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਤੇ ਰਾਸ਼ਟਰਮੰਡਲ ਖੇਡ ਸੰਘ (ਸੀ. ਜੀ. ਐੱਫ.) ਦੋਵੇਂ ਇਸ ਮਾਮਲੇ ’ਤੇ ਚੁੱਪ ਧਾਰੀ ਹੋਏ ਹਨ।

ਹਾਕੀ ਨੂੰ 1998 ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਸੀ ਤੇ ਤਦ ਤੋਂ ਇਹ ਇਨ੍ਹਾਂ ਖੇਡਾਂ ਦਾ ਅਟੁੱਟ ਅੰਗ ਬਣੀ ਰਹੀ ਪਰ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗਲਾਸਗੋ ਖੇਡਾਂ ਦੇ ਆਯੋਜਕ ਨੈੱਟ ਬਾਲ ਤੇ ਰੋਡ ਰੇਸਿੰਗ ਦੇ ਨਾਲ ਹਾਕੀ ਨੂੰ ਵੀ ਖੇਡਾਂ ਵਿਚੋਂ ਹਟਾਉਣਾ ਚਾਹੁੰਦੇ ਹਨ।

ਰਾਸ਼ਟਰਮੰਡਲ ਖੇਡਾਂ 2026 ਦਾ ਆਯੋਜਨ ਪਹਿਲਾਂ ਆਸਟ੍ਰੇਲੀਆ ਦੇ ਰਾਜ ਵਿਕਟੋਰੀਆ ਵਿਚ ਹੋਣਾ ਸੀ ਪਰ ਉਹ ਵੱਧਦੀ ਲਾਗਤ ਕਾਰਨ ਮੇਜ਼ਬਾਨੀ ਵਿਚੋਂ ਹਟ ਗਿਆ। ਇਸ ਤੋਂ ਬਾਅਦ ਸਕਾਟਲੈਂਡ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਕਦਮ ਵਧਾਇਆ।

ਖੇਡਾਂ ਦਾ ਪ੍ਰੋਗਰਾਮ ਮੰਗਲਵਾਰ ਨੂੰ ਐਲਾਨ ਕੀਤਾ ਜਾਣਾ ਹੈ। ਇਸ ਸਬੰਧ ਵਿਚ ਜਦੋਂ ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਪ੍ਰੋਗਰਾਮ ਦੇ ਅਧਿਕਾਰਤ ਤੌਰ ’ਤੇ ਜਾਰੀ ਹੋਣ ਤੱਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਕ ਅਧਿਕਾਰੀ ਨੇ ਕਿਹਾ,‘‘ਇਕ-ਦੋ ਦਿਨਾਂ ਵਿਚ ਸਥਿਤੀ ਸਪੱਸ਼ਟ ਹੋ ਜਾਵੇਗੀ ਤੇ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ। ਸਾਡੇ ਵੱਲੋਂ ਜਦੋਂ ਤੱਕ ਸੀ. ਜੀ. ਐੱਫ. ਨਾਲ ਕੋਈ ਅਧਿਕਾਰਤ ਗੱਲਬਾਤ ਨਹੀਂ ਹੋ ਜਾਂਦੀ ਹੈ ਤਦ ਤੱਕ ਅਸੀਂ ਇਸ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ।’’

ਸੀ. ਜੀ. ਐੱਫ. ਨੇ ਵੀ ਅਜਿਹੀ ਹੀ ਪ੍ਰਤੀਕਿਰਿਆ ਦਿੱਤੀ

ਹਾਕੀ ਦਾ ਖੇਡਾਂ ਵਿਚੋਂ ਬਾਹਰ ਰਹਿਣਾ ਇਸ ਲਈ ਵੀ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਖੇਡਾਂ ਦਾ ਆਯੋਜਨ 23 ਜੁਲਾਈ ਤੋਂ 2 ਅਗਸਤ ਤੱਕ ਕੀਤਾ ਜਾਵੇਗਾ ਜਦਕਿ ਇਸਦੇ ਤੁਰੰਤ ਬਾਅਦ 15 ਤੋਂ 30 ਅਗਸਤ ਤੱਕ ਵਾਵਰੇ, ਬੈਲਜੀਅਮ ਤੇ ਅਮਸਟੇਲਵੀਨ, ਨੀਦਰਲੈਂਡ ਵਿਚ ਹਾਕੀ ਵਿਸ਼ਵ ਕੱਪ ਆਯੋਜਿਤ ਕੀਤਾ ਜਾਵੇਗਾ। ਰਾਸ਼ਟਰਮੰਡਲ ਖੇਡਾਂ ’ਚੋਂ ਹਾਕੀ ਦਾ ਬਾਹਰ ਹੋਣਾ ਭਾਰਤ ਲਈ ਇਕ ਵੱਡਾ ਝਟਕਾ ਹੋਵੇਗਾ ਕਿਉਂਕਿ ਉਸਦੀ ਪੁਰਸ਼ ਟੀਮ ਨੇ ਇਸ ਖੇਡ ਵਿਚ ਤਿੰਨ ਵਾਰ ਚਾਂਦੀ ਤੇ ਦੋ ਵਾਰ ਕਾਂਸੀ ਤਮਗ ਜਿੱਤਿਆ ਹੈ। ਮਹਿਲਾ ਟੀਮ ਨੇ ਇਕ ਸੋਨ ਸਮੇਤ ਤਿੰਨ ਤਮਗੇ ਜਿੱਤੇ ਹਨ।


author

Tarsem Singh

Content Editor

Related News