ਹਾਕੀ ਇੰਡੀਆ ਨੇ ਧੜੇਬੰਦੀ ਤੇ ਮਤਭੇਦਾਂ ਦੇ ਦੋਸ਼ਾਂ ਨੂੰ ਕੀਤੈ ਰੱਦ

Wednesday, Feb 28, 2024 - 07:21 PM (IST)

ਹਾਕੀ ਇੰਡੀਆ ਨੇ ਧੜੇਬੰਦੀ ਤੇ ਮਤਭੇਦਾਂ ਦੇ ਦੋਸ਼ਾਂ ਨੂੰ ਕੀਤੈ ਰੱਦ

ਨਵੀਂ ਦਿੱਲੀ, (ਭਾਸ਼ਾ)–ਹਾਕੀ ਇੰਡੀਆ ਵਿਚ ਧੜੇਬੰਦੀ ਤੇ ਆਪਸੀ ਮਤਭੇਦਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਫੈੱਡਰੇਸ਼ਨ ਦੇ ਮੁਖੀ ਦਿਲੀਪ ਟਿਰਕੀ ਤੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਬੁੱਧਵਾਰ ਨੂੰ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਹਾਕੀ ਦੀ ਬਿਹਤਰੀ ਲਈ ਉਹ ਮਿਲ ਕੇ ਕੰਮ ਕਰਨਗੇ। ਹਾਕੀ ਇੰਡੀਆ ਵਲੋਂ ਜਾਰੀ ਸਾਂਝੇ ਬਿਆਨ ਵਿਚ ਉਨਾਂ ਨੇ ਕਿਹਾ, ‘‘ਹਾਲ ਹੀ ਵਿਚ ਕੁਝ ਮੌਜੂਦਾ ਅਧਿਕਾਰੀਆਂ ਨੇ ਮੀਡੀਆ ਵਿਚ ਕਿਹਾ ਹੈ ਕਿ ਹਾਕੀ ਇੰਡੀਆ ਵਿਚ ਧੜੇਬੰਦੀ ਹੈ। ਇਹ ਸਹੀ ਨਹੀਂ ਹੈ। ਹਾਕੀ ਦੇ ਹਿੱਤ ਲਈ ਅਸੀਂ ਇਕਜੁਟ ਹੋ ਕੇ ਕੰਮ ਕਰਦੇ ਰਹਾਂਗੇ।’’

13 ਸਾਲ ਬਾਅਦ ਭਾਰਤੀ ਹਾਕੀ ਨਾਲੋਂ ਨਾਤਾ ਤੋੜਨ ਤੋਂ ਬਾਅਦ ਸਾਬਕਾ ਸੀ. ਈ. ਓ. ਏਲੇਨਾ ਨਾਰਮਨ ਨੇ ਕਿਹਾ ਸੀ ਕਿ ਹਾਕੀ ਇੰਡੀਆ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ, ਉਸ ਵਿਚ ਕੰਮ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ ਤੇ ਅਜਿਹੇ ’ਚ ਉਸਦੇ ਕੋਲ ਅਸਤੀਫਾ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਸੀ। ਉਸਨੇ ਕਿਹਾ ਸੀ ਕਿ ਹਾਕੀ ਇੰਡੀਆ ਵਿਚ ਦੋ ਧੜੇ ਹਨ। ਇਕ ਪਾਸੇ ਉਹ ਤੇ (ਪ੍ਰਧਾਨ) ਦਿਲੀਪ ਟਿਰਕੀ ਹਨ ਤੇ ਦੂਜੇ ਪਾਸੇ (ਸਕੱਤਰ) ਭੋਲਾਨਾਥ ਸਿੰਘ, (ਕਾਰਜਕਾਰੀ ਨਿਰਦੇਸ਼ਕ) ਕਮਾਂਡਰ ਆਰ. ਕੇ. ਸ਼੍ਰੀਵਾਸਤਵ ਤੇ (ਖਜ਼ਾਨਚੀ) ਸ਼ੇਖਰ ਜੇ. ਮਨੋਹਰਨ ਹਨ।

ਇਸ ਤੋਂ ਪਹਿਲਾਂ ਮਹਿਲਾ ਹਾਕੀ ਟੀਮ ਦੀ ਕੋਚ ਯਾਨੇਕ ਸ਼ਾਪਮੈਨ ਨੇ ਵੀ ਮਹਿਲਾ ਹਾਕੀ ਦੇ ਪ੍ਰਤੀ ਪੱਖਪਾਤੀ ਰਵੱਈਆ ਅਤੇ ਸਨਮਾਨ ਦੀ ਕਮੀ ਦਾ ਦੋਸ਼ ਲਾ ਕੇ ਅਸਤੀਫਾ ਦਿੱਤਾ ਸੀ। ਭਾਰਤੀ ਮਹਿਲਾ ਹਾਕੀ ਟੀਮ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ ਸੀ, ਜਿਸ ਤੋਂ ਬਾਅਦ ਸ਼ਾਪਮੈਨ ਨੇ ਅਹੁਦਾ ਛੱਡ ਦਿੱਤਾ ਸੀ।
ਟਿਰਕੀ ਤੇ ਭੋਲਾਨਾਤ ਨੇ ਸਾਂਝੇ ਬਿਆਨ ਵਿਚ ਕਿਹਾ,‘‘ਹਾਕੀ ਇੰਡੀਆ ਭਾਰਤੀ ਹਾਕੀ ਦੇ ਵਿਕਾਸ ਲਈ ਗਠਿਤ ਇਕ ਖੁਦਮੁਖਤਿਆਰ ਤੇ ਪੇਸ਼ੇਵਰ ਇਕਾਈ ਹੈ। ਸਾਡਾ ਟੀਚਾ ਹਾਕੀ ਤੇ ਆਪਣੇ ਖਿਡਾਰੀਆਂ ਦੀ ਬਿਹਤਰੀਨ ਤੇ ਤਰੱਕੀ ਹੈ। ਸਾਡੀਆਂ ਰਾਸ਼ਟਰੀ ਟੀਮਾਂ ਨੂੰ ਵਿਸ਼ਵ ਪੱਧਰ ’ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ।’’


author

Tarsem Singh

Content Editor

Related News