ਹਾਕੀ ਇੰਡੀਆ ਦੇ ਪੈਨਲ ’ਚ 126 ਨਵੇਂ ਅੰਪਾਇਰ ਤੇ ਤਕਨੀਕੀ ਅਧਿਕਾਰੀ ਸ਼ਾਮਲ
Monday, May 24, 2021 - 07:56 PM (IST)
ਨਵੀਂ ਦਿੱਲੀ— ਹਾਕੀ ਇੰਡੀਆ ਨੇ ਆਪਣੇ ਪੈਨਲ ’ਚ 126 ਨਵੇਂ ਅੰਪਾਇਰ ਤੇ ਤਕਨੀਕੀ ਅਧਿਕਾਰੀ ਸ਼ਾਮਲ ਕੀਤੇ ਹਨ ਜੋ ਸਬ ਸੂਨੀਅਰ ਤੇ ਜੂਨੀਅਰ ਵਰਗਾਂ ’ਚ ਹੋਣ ਵਾਲੇ ਘਰੇਲੂ ਟੂਰਨਾਮੈਂਟਾਂ ’ਚ ਆਪਣੀਆਂ ਸੇਵਾਵਾਂ ਦੇਣ ਦੇ ਪਾਤਰ ਹੋਣਗੇ। ਅੰਪਾਇਰ ਤੇ ਤਕਨੀਕੀ ਅਧਿਕਾਰੀਆਂ (ਜੱਜਾਂ) ਦੀ ਚੋਣ ਸਤੰਬਰ 2020 ਤੋਂ ਇਸ ਸਾਲ ਮਾਰਚ ਤਕ ਦੋ ਪੜਾਅ ਦੀ ਆਨਲਾਈਨ ਵਰਕਸ਼ਾਪਸ ਦੇ ਬਾਅਦ ਕੀਤਾ ਗਿਆ। ਇਸ ਸੂਚੀ ’ਚ ਕੁਲ 60 ਜੱਜ (21 ਮਹਿਲਾ ਤੇ 39 ਪੁਰਸ਼) ਤੇ 66 ਅੰਪਾਇਰ (16 ਮਹਿਲਾ ਤੇ 50 ਪੁਰਸ਼) ਜੋੜੇ ਗਏ ਹਨ।
ਚੁਣੇ ਗਏ ਉਮੀਦਵਾਰ ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਸਬ ਜੂਨੀਅਰ ਤੇ ਜੂਨੀਅਰ ਵਰਗ ਦੇ ਟੂਰਨਾਮੈਂਟਾਂ ਲਈ ਨਿਯੁਕਤੀ ਦੇ ਪਾਤਰ ਬਣ ਗਏ ਹਨ। ਉਨ੍ਹਾਂ ਕੋਲ ਏਸ਼ੀਆਈ ਹਾਕੀ ਮਹਾਸੰਘ ਦੀ ਵਰਤਮਾਨ ਆਨਲਾਈਨਲ ਸਿੱਖਿਆ ਵਰਕਸ਼ਾਪ ’ਚ ਹਿੱਸਾ ਲੈਣ ਦਾ ਵੀ ਮੌਕਾ ਹੋਵੇਗਾ। ਇਨ੍ਹਾਂ 126 ਉਮੀਦਵਾਰਾਂ ਦੀ ਚੋਣ ਉਨ੍ਹਾਂ 227 ਪ੍ਰਤੀਭਾਗੀਆਂ ’ਚੋਂ ਕੀਤੀ ਜਾਵੇਗੀ ਜਿਨ੍ਹਾਂ ਨੂੰ ਹਾਕੀ ਇੰਡੀਆ ਨੇ ਸ਼ੁਰੂਆਤੀ ਸੂਚੀ ’ਚ ਚੁਣਿਆ ਸੀ।