ਪੰਤ ਦੇ ਵਰਲਡ ਕੱਪ ਟੀਮ ਵਿਚ ਸ਼ਾਮਲ ਹੋਣ ''ਤੇ ਖੁਸ਼ ਨਹੀਂ ਉਸਦੇ ਕੋਚ, ਦੱਸੀ ਵਜ੍ਹਾ
Thursday, Jun 20, 2019 - 01:13 PM (IST)

ਸਪੋਰਟਸ ਡੈਸਕ : ਰਿਸ਼ਭ ਪੰਤ ਨੂੰ ਇੰਗਲੈਂਡ ਵਿਚ ਵਨ ਡੇ ਕ੍ਰਿਕਟ ਵਰਲਡ ਕੱਪ ਖੇਡਣ ਗਈ ਭਾਰਤੀ ਟੀਮ ਵਿਚ ਨਹੀਂ ਚੁਣੇ ਜਾਣ 'ਤੇ ਚੋਣਕਾਰਾਂ ਦੀ ਕਾਫੀ ਆਲੋਚਨਾ ਹੋਈ ਸੀ। ਬਾਅਦ ਵਿਚ ਰਿਸ਼ਭ ਪੰਤ ਨੂੰ ਅੰਬਾਤੀ ਰਾਇਡੂ ਦੇ ਨਾਲ ਭਾਰਤ ਦੇ ਵਰਲਡ ਕੱਪ ਲਈ ਰਿਜ਼ਰਵ ਖਿਡਾਰੀਆਂ ਲਈ ਸ਼ਾਮਲ ਕੀਤਾ ਗਿਆ ਸੀ। ਮੌਜੂਦਾ ਵਨ ਡੇ ਵਰਲਡ ਕੱਪ ਚੈਂਪੀਅਨ ਆਸਟਰੇਲੀਆ ਖਿਲਾਫ ਮਹੱਤਵਪੂਰਨ ਮੈਚ ਵਿਚ ਸੈਂਕੜਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਉਣ 'ਚ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼ਿਖਰ ਧਵਨ ਦੇ ਅੰਗੂਠੇ 'ਤੇ ਸੱਟ ਲੱਗ ਗਈ ਹੈ ਜਿਸ ਕਾਰਨ ਉਸਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪੈ ਗਿਆ ਹੈ।
ਧਵਨ ਦੀ ਸੱਟ ਕਾਰਨ ਉਸਦੀ ਜਗ੍ਹਾ 2 ਦਿਨ ਬਾਅਦ 11 ਜੂਨ ਨੂੰ ਭਾਰਤੀ ਟੀਮ ਵਿਚ ਬਤੌਰ ਬੱਲੇਬਾਜ਼ ਰਿਸ਼ਭ ਪੰਤ ਨੂੰ ਬੁਲਾਇਆ ਗਿਆ। ਤਦ ਤੱਕ ਇਹੀ ਉਮੀਦ ਸੀ ਕਿ ਧਵਨ ਠੀਕ ਹੋ ਜਾਣਗੇ। ਬਦਕਿਸਮਤੀ ਨਾਲ ਧਵਨ ਦਾ ਅੰਗੂਠਾ ਜੁਲਾਈ ਤੱਕ ਠੀਕ ਨਹੀਂ ਹੋ ਸਕੇਗਾ। ਇਸੇ ਕਾਰਨ ਉਹ ਹੁਣ ਅੱਗੇ ਇਸ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਧਵਨ ਦੀ ਜਗ੍ਹਾ ਪੰਤ ਨੂੰ ਇਸ ਵਰਲਡ ਕੱਪ ਦੇ ਬਾਕੀ ਮੈਚਾਂ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਜਾਣ 'ਤੇ ਉਸਦੇ ਬਚਪਨ ਦੇ ਕ੍ਰਿਕਟ ਕੋਚ ਉਸਤਾਦ ਤਾਰਕ ਸਿੰਨ੍ਹਾ ਨੇ ਮੀਡੀਆ ਨੂੰ ਕਿਹਾ ਕਿ ਰਿਸ਼ਭ ਪੰਤ ਨੇ ਪੂਰੇ ਸਾਲ ਬਤੌਰ ਵਿਕਟਕੀਪਰ ਬੱਲੇਬਾਜ਼ੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਕੋਚ ਨੇ ਕਿਹਾ ਰਿਸ਼ਭ ਪੰਤ ਨੂੰ ਸ਼ੁਰੂ ਵਿਚ ਹੀ ਇਸ ਵਰਲਡ ਕੱਪ ਲਈ ਭਾਰਤੀ ਟੀਮ ਵਿਚ ਚੁਣਨਾ ਚਾਹੀਦਾ ਸੀ। ਹੁਣ ਜਦੋਂ ਧਵਨ ਵਰਗੇ ਬਿਹਤਰੀਨ ਸਲਾਮੀ ਬੱਲੇਬਾਜ਼ ਦੇ ਸੱਟ ਕਾਰਨ ਬਾਹਰ ਹੋਣ 'ਤੇ ਪੰਤ ਨੂੰ ਮੌਕਾ ਮਿਲਿਆ ਹੈ ਤਾਂ ਉਸਨੂੰ ਇਸਦਾ ਪੂਰਾ ਫਾਇਦਾ ਚੁੱਕ ਕੇ ਟੀਮ ਨੂੰ ਵਰਲਡ ਕੱਪ ਜਿਤਾਉਣਾ ਚਾਹੀਦਾ ਹੈ। ਮੈਂ ਵੀ ਇਹੀ ਚਾਹੁੰਦਾ ਸੀ ਕਿ ਪੰਤ ਨੂੰ ਟੀਮ ਇੰਡੀਆ ਵਿਚ ਵਰਲਡ ਕੱਪ ਲਈ ਸ਼ੁਰੂ ਵਿਚ ਹੀ ਮੌਕਾ ਮਿਲਣਾ ਚਾਹੀਦਾ ਸੀ ਪਰ ਮੈਂ ਇਹ ਨਹੀਂ ਸੋਚ ਸਕਦਾ ਸੀ ਕਿ ਉਸ ਨੂੰ ਇਸ ਤਰ੍ਹਾਂ ਧਵਨ ਦੇ ਜ਼ਖਮੀ ਹੋਣ ਕਾਰਨ ਟੂਰਨਾਮੈਂਟ ਦੇ ਬਾਹਰ ਹੋਣ 'ਤੇ ਮੌਕਾ ਮਿਲੇਗਾ।